ਹੱਥਕੰਡੇ

ਪ੍ਰੀਤਮਾ ਦੋਮੇਲ

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮਦਰਾਸ ਦਾ ਨਾਉਂ ਹਾਲੇ ਚੇਨਈ ਨਹੀਂ ਸੀ ਪਿਆ। ਮੇਰੇ ਵਿਆਹ ਨੂੰ ਮਸਾਂ ਚਾਰ ਕੁ ਸਾਲ ਹੀ ਹੋਏ ਸਨ ਤੇ ਤਿੰਨ ਸਾਲ ਦਾ ਬੇਟਾ ਸੋਨੂੰ ਮੇਰੀ ਗੋਦੀ ਵਿਚ ਸੀ। ਵਿਆਹ ਤੋਂ ਇਕਦਮ ਬਾਅਦ ਹੀ ਪਤੀ ਦੀ ਪਲਟਨ ਤੰਗਧਾਰ (ਕਸ਼ਮੀਰ) ਚਲੀ ਗਈ ਸੀ, ਪਰ ਵਾਹਿਗੁਰੂ ਨੇ ਬੜੀ ਮਿਹਰ ਕੀਤੀ ਕਿ ਜਲਦੀ ਹੀ ਪਤੀ ਦੀ ਪੋਸਟਿੰਗ ਮਦਰਾਸ ਓ.ਟੀ.ਐੱਸ. (ਆਫ਼ੀਸਰ ਟ੍ਰੇਨਿੰਗ ਸਕੂਲ) ਵਿਚ ਇੰਸਟ੍ਰਕਟਰ ਦੇ ਤੌਰ ’ਤੇ ਹੋ ਗਈ। ਛੇ-ਸੱਤ ਸਾਲ ਦੀ ਨੌਕਰੀ ਵਾਲਾ ਅਫ਼ਸਰ ਜਦੋਂ ਹੋਣ ਵਾਲੇ ਅਫ਼ਸਰਾਂ ਦਾ ਟੀਚਰ ਬਣ ਗਿਆ ਤਾਂ ਉਸ ਦੀ ਖ਼ੁਸ਼ੀ ਦੀ ਤਾਂ ਹੱਦ ਨਾ ਰਹੀ; ਫਟਾਫਟ ਉਸ ਨੇ ਕਸ਼ਮੀਰ (ਤੰਗਧਾਰ) ਨੂੰ ਅਲਵਿਦਾ ਕਿਹਾ ਤੇ ਆਪਣੇ ਨੰਨ੍ਹੇ-ਮੁੰਨ੍ਹੇ ਬੇਟੇ ਤੇ ਬੀਵੀ ਨੂੰ ਲੈ ਕੇ ਮਦਰਾਸ ਪਹੁੰਚ ਗਿਆ।

ਓ.ਟੀ.ਐੱਸ. ਦੇ ਨਾਲ ਹੀ ਹਨੀਮੂਨ ਕੁਆਰਟਰ ਸਨ, ਪਰ ਉਹ ਪਹਿਲਾਂ ਹੀ ਸੀਨੀਅਰ ਅਫ਼ਸਰਾਂ ਨੇ ਮੱਲੇ ਹੋਏ ਸਨ। ਸਾਨੂੰ ਓ.ਟੀ.ਐੱਸ. ਤੋਂ ਛੇ-ਸੱਤ ਕਿਲੋਮੀਟਰ ਦੂਰ ਡਿਫੈਂਸ ਕਲੋਨੀ ਵਿਚ ਘਰ ਮਿਲਿਆ। ਉਹ ਵੱਡਾ ਸਾਰਾ ਘਰ ਕਿਸੇ ਸੇਵਾਮੁਕਤ ਬ੍ਰਿਗੇਡੀਅਰ ਦਾ ਸੀ ਜੋ ਖ਼ੁਦ ਆਪਣੇ ਪਰਿਵਾਰ ਸਮੇਤ ਕੋਚੀ (ਕੋਚੀਨ) ਵਿਚ ਰਹਿ ਰਿਹਾ ਸੀ। ਪਤੀ ਦੀ ਵਰਦੀ ਲਗਾਉਣ ਤੇ ਜੁੱਤੇ ਚਮਕਾਉਣ ਲਈ ਇਕਦਮ ਕੋਈ ਸਹਾਇਕ ਨਾ ਮਿਲਿਆ। ਸੀ.ਓ. ਸਾਹਿਬ ਨੇ ਪਹਿਲਾਂ ਹੀ ਇਨ੍ਹਾਂ ਨੂੰ ਕਹਿ ਦਿੱਤਾ ਸੀ, ‘‘ਕਾਕਾ, ਹਾਲੇ ਤੂੰ ਕੁਝ ਦਿਨ ਕੋਈ ਸਿਵਲੀਅਨ ਬੰਦਾ ਰੱਖ ਲੈ। ਇੰਨੇ ਨੂੰ ਮੈਂ ਕਿਸੇ ਨਵੇਂ ਵਿਆਹੇ ਮਦਰਾਸੀ ਨੂੰ ਤੇਰੇ ਕੋਲ ਭੇਜ ਦਿਆਂਗਾ ਤਾਂ ਕਿ ਉਹ ਵੀ ਕੁਝ ਦਿਨ ਆਪਣੀ ਨਵੀਂ ਵਿਆਹੀ ਸਾਥਣ ਨਾਲ ਮੌਜ ਕਰ ਸਕੇ।’’ ਉਨ੍ਹਾਂ ਦਿਨਾਂ ਵਿਚ ਸੀ.ਓ. ਇਸ ਗੱਲ ਦਾ ਬਹੁਤ ਧਿਆਨ ਰੱਖਿਆ ਕਰਦੇ ਸਨ।

ਸਾਡਾ ਇਕ ਰਿਸ਼ਤੇਦਾਰ ਪਹਿਲਾਂ ਤੋਂ ਹੀ ਉੱਥੇ ਪੋਸਟਿਡ ਸੀ। ਉਹ ਹਨੀਮੂਨ ਕੁਆਰਟਰਾਂ ਵਿਚ ਰਹਿ ਰਿਹਾ ਸੀ। ਉਹ ਮੇਰੇ ਪਤੀ ਤੋਂ ਕਾਫ਼ੀ ਸੀਨੀਅਰ ਸੀ। ਉਸ ਨੇ ਸਾਨੂੰ ਖਾਣੇ ’ਤੇ ਬੁਲਾਇਆ। ਗੱਲਾਂ-ਗੱਲਾਂ ਵਿਚ ਉਸ ਨੇ ਕਿਹਾ, ‘‘ਨਿਹਾਲ, ਜੇ ਤੈਨੂੰ ਐਥੇ ਸਾਡੇ ਕੋਲ ਘਰ ਮਿਲ ਜਾਂਦਾ ਤਾਂ ਚੰਗਾ ਸੀ। ਉੱਥੋਂ ਇੱਥੇ ਓ.ਟੀ.ਐੱਸ. ਵਿਚ ਆਉਣ ਲਈ ਸੌ ਬਖੇੜੇ ਹਨ।’’ ਪਤੀ ਨੇ ਕਿਹਾ, ‘‘ਸਰ, ਉੱਥੇ ਵੀ ਕੋਈ ਪ੍ਰੌਬਲਮ ਨਹੀਂ। ਵਧੀਆ ਘਰ ਹੈ, ਕਾਫ਼ੀ ਸਾਰੇ ਕਮਰੇ ਹਨ। ਢੇਰ ਸਾਰੇ ਨਾਰੀਅਲ ਦੇ ਰੁੱਖ ਹਨ, ਹੋਰ ਕੀ ਚਾਹੀਦੈ।’’ ‘‘ਨਹੀਂ ਨਹੀਂ, ਮੇਰਾ ਮਤਲਬ ਹੈ…।’’ ਵਿਚੋਂ ਹੀ ਉਨ੍ਹਾਂ ਦੀ ਪਤਨੀ ਜਿਹੜੀ ਮੇਰੀ ਚਾਚੀ ਲੱਗਦੀ ਸੀ, ਨੇ ਟੋਕ ਕੇ ਕਿਹਾ, ‘‘ਮੈਂ ਕਿਹਾ ਕਾਹਨੂੰ ਐਵੇਂ ਬੁਝਾਰਤਾਂ ਜਿਹੀਆਂ ਪਾਈ ਜਾਂਦੇ ਹੋ, ਦੱਸ ਕਿਉਂ ਨਹੀਂ ਦਿੰਦੇ ਮੁੰਡੇ ਨੂੰ ਵਿਚੋਂ ਗੱਲ ਕੀ ਹੈ।’’ ‘‘ਅੱਛਾ ਫੇਰ ਤਾਂ ਜ਼ਰੂਰ ਦੱਸੋ ਚਾਚਾ ਜੀ ਜਿਹੜੀ ਗੱਲ ਹੈ…’’ ਮੈਂ ਕਾਹਲੀ ਨਾਲ ਕਿਹਾ। ‘‘ਦੇਖ, ਐਵੇਂ ਡਰ ਨਾ ਜਾਈਂ ਨਿਹਾਲ। ਐਥੇ ਓ.ਟੀ.ਐੱਸ. ਵਿਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਜਿਹੜੇ ਅਫ਼ਸਰ ਰਾਤ ਦੀ ਡਿਊਟੀ ’ਤੇ ਡਿਫੈਂਸ ਕਲੋਨੀ ’ਚੋਂ ਇੱਥੇ ਆਉਂਦੇ ਨੇ, ਕਿਸੇ-ਕਿਸੇ ਰਾਤ ਨੂੰ ਇਕ ਸਾਨ੍ਹ ਕਿਧਰੋਂ ਆਉਂਦਾ ਹੈ ਤੇ ਉਹ ਵਾਰ ਕਰਦਾ ਹੈ। ਕਹਿੰਦੇ ਨੇ ਕਈ ਤਾਂ ਵਿਚਾਰੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਤੇ ਕਈ ਬਿਲਕੁਲ ਹੱਥ ਪੈਰ ਤੁੜਵਾ ਕੇ ਅਪਾਹਜ ਹੋ ਚੁੱਕੇ ਹਨ।’’ ‘‘ਤੁਸੀਂ ਕਦੇ ਦੇਖਿਆ ਹੈ ਉਸ ਸਾਨ੍ਹ ਨੂੰ?’’ ਪਤੀ ਨੇ ਪੁੱਛਿਆ। ‘‘ਲੈ, ਮੈਂ ਕਿੱਥੋਂ ਦੇਖਣਾ ਸੀ। ਅਸੀਂ ਤਾਂ ਰਾਤ ਨੂੰ ਕਦੇ ਉਧਰ ਜਾਂਦੇ ਹੀ ਨਹੀਂ, ਹਾਂ ਬਾਕੀ ਤੂੰ ਆਪਣਾ ਧਿਆਨ ਰੱਖੀਂ। ਡਿਊਟੀਆਂ ਤਾਂ ਤੈਨੂੰ ਪਤਾ ਹੈ, ਫੌ਼ਜ ਵਿਚ ਰਾਤਾਂ ਨੂੰ ਲੱਗਦੀਆਂ ਹੀ ਰਹਿੰਦੀਆਂ ਨੇ।’’ ਪਤੀ ਇਕ ਸੋਚ ਤੇ ਮੈਂ ਇਕ ਡਰ ਨੂੰ ਲੈ ਕੇ ਆਪਣੇ ਘਰ ਪਹੁੰਚੇ। ਮੇਰੇ ਡਰੇ ਹੋਏ ਚਿਹਰੇ ਨੂੰ ਦੇਖ ਕੇ ਇਨ੍ਹਾਂ ਨੇ ਕਿਹਾ, ‘‘ਐਵੇਂ ਨਾ ਡਰੀ ਜਾ। ਪਿੰਡ ਵਿਚ ਅਸੀਂ ਬਥੇਰੇ ਸਾਨ੍ਹਾਂ ਦੀਆਂ ਪੂਛਾਂ ਮਰੋੜੀਆਂ ਨੇ।’’

ਅਗਲੇ ਹਫ਼ਤੇ ਮੇਰੇ ਸੱਸ-ਸਹੁਰਾ ਪੰਜਾਬ ਤੋਂ ਆ ਗਏ। ਉਹ ਹਜ਼ੂਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਅਸੀਂ ਇਕ ਤੰਬੀ (ਮਦਰਾਸੀ) ਨੂੰ ਨਿਹਾਲ ਦੀ ਡਰੈੱਸ ਵਗੈਰਾ ਸੈੱਟ ਕਰਨ ਲਈ ਰੱਖ ਲਿਆ ਸੀ। ਉਸ ਦਾ ਨਾਉਂ ਪੁਲੀਅਨ ਸੀ। ਪੁਲੀਅਨ ਉਸੇ ਇਲਾਕੇ ਦਾ ਰਹਿਣ ਵਾਲਾ ਸੀ। ਮੈਂ ਇਕ ਦਿਨ ਐਵੇਂ ਹੀ ਉਸ ਕੋਲੋਂ ਪੁੱਛ ਲਿਆ, ‘‘ਪੁਲੀਅਨ ਮੈਨੇ ਸੁਨਾ ਹੈ ਕਿ ਕਿਸੀ ਕਿਸੀ ਰਾਤ ਕੋ ਤੁਮ੍ਹਾਰੇ ਇਲਾਕੇ ਕੀ ਪੁਲੀਆ ਕੇ ਪਾਸ ਸੇ ਏਕ ਖੂੰਖਾਰ ਭੈਂਸਾ ਅਚਾਨਕ ਆਤਾ ਹੈ ਔਰ ਉਸ ਵਕਤ ਜੋ ਕੋਈ ਉਧਰ ਸੇ ਗੁਜ਼ਰਤਾ ਹੈ ਉਸ ਪਰ ਹਮਲਾ ਕਰ ਦੇਤਾ ਹੈ। ਕਿਆ ਯੇ ਬਾਤ ਠੀਕ ਹੈ?’’ ਉਸ ਨੇ ਡਰ ਨਾਲ ਇਕਦਮ ਛਾਤੀ ’ਤੇ ਹੱਥ ਰੱਖ ਕੇ ਕਿਹਾ, ‘‘ਮੁਰਗਾ, ਮੁਰਗਾ (ਵਾਹਿਗੁਰੂ-ਵਾਹਿਗੁਰੂ) ਮੇਮ ਸਾਹਿਬ, ਆਪ ਕਾਹੇ ਕੋ ਯੇ ਬਾਤ ਪੂਛਤਾ? ਯੇ ਤੋ ਸੱਚ ਮੇਂ ਐਸਾ ਹੋਤਾ। ਹਮ ਤੋ ਰਾਤ ਮੇਂ ਕਭੀ ਉਧਰ ਜਾਨੇ ਕੋ ਨਹੀਂ ਮਾਂਗਤਾ।’’ ਬੇਬੇ ਜੀ (ਸੱਸ) ਨੇ ਵੀ ਲੰਘਦੀ-ਲੰਘਦੀ ਨੇ ਇਹ ਗੱਲ ਸੁਣ ਲਈ। ਉਹ ਬੋਲੀ, ‘‘ਵੇ ਫੁੱਲੀਏ, ਤੂੰ ਮੈਨੂੰ ਦੱਸ ਇਹ ਤੂੰ ਕਿਹੜੇ ਭੂਤ-ਪ੍ਰੇਤ ਦੀ ਗੱਲ ਕਰਦਾ ਏਂ।’’ ਪੰਜਾਬੀ ਅਫ਼ਸਰਾਂ ਦੇ ਘਰ ਕੰਮ ਕਰਨ ਕਰਕੇ ਪੁਲੀਅਨ ਥੋੜ੍ਹੀ ਬਹੁਤ ਪੰਜਾਬੀ ਸਮਝਦਾ ਸੀ। ਉਹ ਬੋਲਿਆ, ‘‘ਅੰਮਾ ਤੁਮ ਅਗਰ ਪੂਛਤਾ ਤੋ ਅਮ ਸਭ ਕੁਸ਼ ਬਤਾਤਾ। ਉਸ ਭੈਂਸਾ ਮੇਂ ਕਿਸੀ ਪ੍ਰੇਤ ਕਾ ਆਤਮਾ ਹੋਤਾ, ਵੋਹ ਰਾਤ ਕੋ ਉਧਰ ਚੱਕਰ ਕਾਟਤਾ, ਜੋ ਭੀ ਉਧਰ ਸੇ ਜਾਤਾ ਉਸਕੋ ਮਾਰ ਡਾਲਤਾ। ਇਧਰ ਮੇਂ ਓ.ਟੀ.ਐੱਸ. ਕੇ ਕਈ ਸਾਹਿਬ ਲੋਗਨ ਕੇ ਸਾਥ ਐਸਾ ਹੂਆ।’’ ਅਸੀਂ ਦੋਵੇਂ ਸੱਸ-ਨੂੰਹ ਡਰ ਕੇ ਚੁੱਪ ਹੋ ਗਈਆਂ। ਸਾਨੂੰ ਡਰੀਆਂ ਹੋਈਆਂ ਦੇਖ ਕੇ ਪੁਲੀਅਨ ਬੋਲਿਆ, ‘‘ਨੋ-ਨੋ ਅੰਮਾ ਡਰਨੇ ਕਾ ਨਹੀਂ। ਅਮ ਉਸਕਾ ਇਲਾਜ ਜਾਨਤਾ। ਅਮ ਨੇ ਇਧਰ ਕੇ ਕਈ ਸਾਹਿਬ ਲੋਗਨ ਕੋ ਬਚਾਇਆ। ਮੇਮ ਸਾਹਿਬ ਅਪਨ ਸਾਹਿਬ ਕਾ ਤੋ ਓ.ਟੀ.ਐੱਸ. ਮੇਂ ਰਾਤ ਕੋ ਡਿਊਟੀ ਹੋਤਾ।’’ ‘‘ਹਾਂ, ਹੋਗਾ ਹੀ।’’ ਮੈਂ ਹੌਲੀ ਦੇ ਕੇ ਕਿਹਾ। ਉਸ ਨੇ ਕਿਹਾ, ‘‘ਆਪ ਫ਼ਿਕਰ ਨਾਟ ਅਮ ਬਚਾਏਗਾ ਅਪਨ ਸਾਬ੍ਹ ਕੋ। ਬਸ ਅਮ ਜੈਸਾ ਬੋਲਤਾ ਆਪ ਕਰਨੇ ਕਾ।’’ ਬੇਬੇ ਜੀ ਝੱਟ ਬੋਲੀ, ‘‘ਵੇ ਮੁੰਡਿਆ ਤੂੰ ਜੋ ਕੁਸ਼ ਕਰਨਾ ਹੈ ਕਰ, ਜੋ ਪੈਸਾ ਲੱਗੇ ਮੇਰੇ ਤੋਂ ਲੈ ਕੇ ਬਸ ਮੇਰੇ ਪੁੱਤ ਨੂੰ ਬਚਾ ਲਵੀਂ।’’ ਅਗਲੇ ਦਿਨ ਤੋਂ ਹੀ ਪੁਲੀਅਨ ਨੇ ਕੁਝ ਮੂਰਤੀਆਂ, ਘੰਟੀਆਂ, ਫੁੱਲੀਆਂ ਤੇ ਕੁਝ ਅਜੀਬ ਜਿਹੀਆਂ ਤਸਵੀਰਾਂ ਸਟੋਰ ਵਿਚ ਰੱਖ ਕੇ ਪੂਜਾ ਸ਼ੁਰੂ ਕਰ ਦਿੱਤੀ। ‘‘ਅੰਮਾ ਯੇ ਪੂਜਾ ਕਾ ਬਾਤ ਸਾਬ੍ਹ ਕੋ ਨਹੀਂ ਬਤਾਨੇ ਕਾ।’’ ਉਸ ਨੇ ਸਾਨੂੰ ਚਿਤਾਵਨੀ ਦਿੱਤੀ। ਰੋਜ਼ਾਨਾ ਉਹ ਸਾਡੇ ਕੋਲੋਂ 500-700 ਰੁਪਏ ਪੂਜਾ ਲਈ ਲੈ ਜਾਂਦਾ। ਕਦੇ ਮੈਂ, ਕਦੇ ਬੇਬੇ ਜੀ ਤੇ ਕਦੇ ਬਾਪੂ ਜੀ ਚੁੱਪ ਕਰਕੇ ਉਹ ਜਿੰਨੇ ਪੈਸੇ ਮੰਗਦਾ, ਉਸ ਨੂੰ ਫੜਾ ਦੇਂਦੇ।

ਉਨ੍ਹਾਂ ਦਿਨਾਂ ਵਿਚ ਚੀਨੀ ਦੀ ਬੜੀ ਤੰਗੀ ਸੀ। ਇਕ ਦਿਨ ਪਤੀ ਨੇ ਦੋ ਕਿਲੋ ਚੀਨੀ ਮੈਨੂੰ ਦੇ ਕੇ ਕਿਹਾ, ‘‘ਏਸ ਮਹੀਨੇ ਬਸ ਆਹੀ ਚੀਨੀ ਮਿਲਣੀ ਹੈ। ਐਵੇਂ ਨਾ ਲੋਕਾਂ ਨੂੰ ਕੌਲੀ-ਕੌਲੀ ਵੰਡਦੀ ਫਿਰੀਂ।’’ ਮੈਂ ਚੀਨੀ ਇਕ ਛੋਟੇ ਡੱਬੇ ਵਿਚ ਪਾ ਕੇ ਅੰਦਰ ਰੱਖ ਦਿੱਤੀ। ਸਾਡਾ ਪੁੱਤਰ ਸੋਨੂੰ ਕੋਲ ਬੈਠਾ ਸਭ ਕੁਝ ਦੇਖ ਰਿਹਾ ਸੀ। ਅਗਲੇ ਦਿਨ ਪੁਲੀਅਨ ਇਕ ਵੱਡਾ ਸਾਰਾ ਕਟੋਰਾ ਜਿਹਾ ਮੇਰੇ ਸਾਹਮਣੇ ਰੱਖ ਕੇ ਬੋਲਿਆ, ‘‘ਅੰਮਾ ਅਮਕੋ ਕੁੰਜਮ (ਥੋੜੀ) ਚੀਨੀ ਚਾਹੀਏ, ਪੂਜਾ ਮੇਂ ਮਾਂਗਤਾ।’’ ਉਸ ਦਾ ਵੱਡਾ ਸਾਰਾ ਕਟੋਰਾ ਦੇਖ ਕੇ ਮੈਂ ਕਿਹਾ, ‘‘ਪੁਲੀਅਨ ਚੀਨੀ ਤੋ ਅਭੀ ਮਿਲਾ ਨਹੀਂ, ਕੁਸ਼ ਔਰ ਸੇ ਨਹੀਂ ਚਲੇਗਾ।’’ ਉਸੀ ਵਕਤ ਕੋਲ ਬੈਠਾ ਸੋਨੂੰ ਬੋਲਿਆ, ‘‘ਮੰਮਾ ਚੀਨੀ ਤੋ ਕੱਲ੍ਹ ਹੀ ਪਾਪ ਲਾਏ ਹੈਂ। ਭਈਆ ਮੈਂ ਦਿਖਾਊਂ ਆਪਕੋ।’’ ਕਹਿ ਕੇ ਉਹ ਝਟਪਟ ਅੰਦਰ ਜਾ ਕੇ ਚੀਨੀ ਵਾਲਾ ਡੱਬਾ ਚੁੱਕ ਲਿਆਇਆ। ਮੈਂ ਘੂਰ ਕੇ ਬੱਚੇ ਵੱਲ ਦੇਖਿਆ। ਬੇਬੇ ਜੀ ਝੱਟ ਬੋਲੀ, ‘‘ਕਿੱਕਣ ਡੇਲੇ ਕੱਢ-ਕੱਢ ਕੇ ਛੋਕਰੇ ਕੰਨੀਂ ਝਾਕਦੀ ਐਂ। ਨਾ ਤੂੰ ਮੈਨੂੰ ਇਹ ਦੱਸ ਤੈਨੂੰ ਖੰਡ ਮੇਰੇ ਮੁੰਡੇ ਦੀ ਜਾਨ ਤੋਂ ਜ਼ਿਆਦਾ ਪਿਆਰੀ ਹੈ। ਲੈ ਪੁੱਤ ਫੁੱਲੀਏ ਲੈ ਜਾ ਸਾਰੀ ਖੰਡ।’’ ਕਹਿ ਕੇ ਉਸ ਨੇ ਸਾਰੀ ਚੀਨੀ ਪੁਲੀਅਨ ਦੇ ਝੋਲੇ ਵਿਚ ਪਾ ਦਿੱਤੀ।

ਅਗਲੀ ਰਾਤ ਹੀ ਪਤੀ ਦੀ ਡਿਊਟੀ ਓ.ਟੀ.ਐੱਸ. ਵਿਚ ਲੱਗ ਗਈ। ਉਹ ਖ਼ਤਰਾ ਜਿਹੜਾ ਦੂਰ-ਦੂਰ ਤੋਂ ਸਾਨੂੰ ਡਰਾ ਰਿਹਾ ਸੀ। ਉਹ ਹੁਣ ਸਾਡੇ ਵਿਹੜੇ ਵਿਚ ਆਣ ਖਲੋਤਾ ਸੀ। ਹਰ ਕੋਈ ਇਨ੍ਹਾਂ ਨੂੰ ਸਾਨ੍ਹ ਤੋਂ ਬਚਣ ਦੇ ਸੁਝਾਅ ਦੇ ਰਿਹਾ ਸੀ। ਬਾਪੂ ਜੀ, ਜੋ ਕਿ ਖ਼ੁਦ ਇਕ ਫੌ਼ਜੀ ਰਹਿ ਚੁੱਕੇ ਸੀ ਬੋਲੇ, ‘‘ਕਾਕਾ, ਤੂੰ ਇਕ ਦਿਨ ਵਾਸਤੇ ਸਿੱਕ-ਇਨ-ਕੁਆਰਟਰ (ਬਿਮਾਰ) ਹੋ ਜਾ।’’ ਪਤੀ ਨੇ ਕਿਹਾ, ‘‘ਅੱਛਾ ਬੇਬੇ, ਤੂੰ ਵੀ ਕੱਢ ਆਪਣੇ ਬੋਈਏ ’ਚੋਂ ਸਾਨ੍ਹ ਤੋਂ ਬਚਣ ਦਾ ਕੋਈ ਉਪਾਉ।’’ ਬੇਬੇ ਨੇ ਕਿਹਾ, ‘‘ਪੁੱਤ, ਤੂੰ ਕੱਲ੍ਹ ਆਪਣੀ ਨੌਕਰੀ ’ਤੇ ਜਾਹ ਹੀ ਨਾ। ਕਹਿ ਦੇਵੀਂ ਮੇਰੀ ਬੇਬੇ ਨੂੰ ਬੁੱਲਾ (ਅਧਰੰਗ) ਪੈ ਗਿਆ ਤਾ।’’ ਫੇਰ ਇਹ ਮੇਰੇ ਵੱਲ ਦੇਖ ਕੇ ਬੋਲੇ, ‘‘ਹਾਂ ਬਈ ਤੂੰ ਵੀ ਬੋਲ ਕੁਸ਼, ਪਰ ਸਾਨ੍ਹ ਨੂੰ ਛੱਡ ਕੇ ਹੋਰ ਕੁਝ ਵੀ ਕਹਿ ਦੇਵੀਂ।’’ ਮੈਂ ਡਰਦੇ-ਡਰਦੇ ਕਿਹਾ, ‘‘ਤੁਸੀਂ ਜੀ ਪੁਲੀਅਨ ਨੂੰ ਆਪਣੇ ਨਾਲ ਲੈ ਜਾਇਓ।’’ ‘‘ਵਾਹ ਕਿਆ ਕਮਾਲ ਦਾ ਸੁਝਾਅ ਪੇਸ਼ ਕੀਤਾ ਹੈ, ਬਈ ਜਦ ਸਾਨ੍ਹ ਮੇਰੇ ਵੱਲ ਨੂੰ ਆਏ ਤਾਂ ਮੈਂ ਪੁਲੀਅਨ ਨੂੰ ਉਸ ਦੇ ਮੂਹਰੇ ਪਰੋਸ ਕੇ ਕਹਾਂ ਲੈ ਵੀਰ ਮੇਰਿਆ ਇਸ ਦਾ ਕਰ ਲੈ ਜੋ ਕੁਸ਼ ਕਰਨਾ ਹੈ, ਪਰ ਮੈਨੂੰ ਕੁਸ਼ ਨਾ ਕਹੀਂ। ਪੁਲੀਅਨ ਤਾਂ ਜਿਵੇਂ ਕਿਸੇ ਦਾ ਪੁੱਤ ਹੀ ਨਹੀਂ ਹੈ।’’ ਫੇਰ ਇਨ੍ਹਾਂ ਨੇ ਇਹ ਕਹਿ ਕੇ ਸਭ ਦੇ ਮੂੰਹ ਬੰਦ ਕਰ ਦਿੱਤੇ, ‘‘ਇਹ ਫੌ਼ਜ ਹੈ ਮੌਜ ਨਹੀਂ, ਇੱਥੇ ਜਿੱਥੇ ਜਿਹੜੀ ਵੀ ਡਿਊਟੀ ਲੱਗਦੀ ਹੈ, ਉਹ ਕਰਨੀ ਪੈਂਦੀ ਹੈ।’’

ਚੇਨਈ ਵਿਚ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿਚ ਬਹੁਤ ਮੀਂਹ ਪੈਂਦੇ ਹਨ। ਹਨੇਰੀ ਤੂਫ਼ਾਨ ਵੀ ਆਉਂਦੇ ਹਨ। ਸੋ ਉਸ ਰਾਤ ਅਸੀਂ ਇਨ੍ਹਾਂ ਨੂੰ ਇਵੇਂ ਵਿਦਾ ਕੀਤਾ ਜਿਵੇਂ ਇਹ ਬੌਰਡਰ ’ਤੇ ਦੁਸ਼ਮਣ ਮੁਲਕ ਨਾਲ ਲੜਨ ਜਾ ਰਹੇ ਹੋਣ। ਬੇਬੇ ਜੀ ਨੇ ਮੱਥੇ ’ਤੇ ਟਿੱਕਾ ਲਾਇਆ, ਮੈਂ ਦਹੀਂ ਸ਼ੱਕਰ ਦਾ ਚਮਚ ਮੂੰਹ ਵਿਚ ਪਾਇਆ ਤੇ ਬਾਪੂ ਜੀ ਨੇ ਕਲਾਵੇ ਵਿਚ ਲੈ ਕੇ ਕਿਹਾ, ‘‘ਡਰੀਂ ਨਾ ਪੁੱਤ, ਸਾਨ੍ਹ ਸੂਨ ਤੇਰੇ ਮੂਹਰੇ ਕਿਆ ਹੈ। ਤੂੰ ਕਿਆ ਕਿਸੇ ਸਾਨ੍ਹ ਤੋਂ ਘੱਟ ਐਂ।’’ ਉਹ ਰਾਤ ਸਾਡੀ ਜਾਗਦਿਆਂ ਹੀ ਗੁਜ਼ਰੀ। ਕਾਲੀ ਬੋਲੀ ਤੂਫ਼ਾਨੀ ਰਾਤ। ਜ਼ੋਰਾਂ ਦਾ ਮੀਂਹ ਪੈ ਰਿਹਾ ਸੀ। ਝੱਖੜ ਝਾਂਜਾ ਹਨੇਰਾ ਘੁੱਪ ਜਿਵੇਂ ਸਾਰੀ ਦੁਨੀਆਂ ਦੇ ਸਾਰੇ ਤੂਫ਼ਾਨ ’ਕੱਠੇ ਹੋ ਕੇ ਮਦਰਾਸ ਦੀ ਮੈਰੀਨਾ ਬੀਚ ’ਤੇ ਫੈਲ ਗਏ ਹੋਣ। ਮੈਂ ਅੱਜ ਵੀ ਉਸ ਰਾਤ ਨੂੰ ਯਾਦ ਕਰਦੀ ਹਾਂ ਤਾਂ ਲੂੰ ਕੰਡੇ ਖੜ੍ਹ ਜਾਂਦੇ ਹਨ। ਬੇਬੇ ਜੀ ਆਪਣੇ ਮੰਜੇ ’ਤੇ ਬੈਠੀ ਮਾਲਾ ਦੇ ਮਣਕੇ ਫੇਰਦੀ ਰਹੀ। ਮੈਂ ਬੱਚੇ ਨੂੰ ਗਲ ਨਾਲ ਲਾ ਕੇ ਪਾਠ ਕਰਦੀ ਰਹੀ ਤੇ ਬਾਪੂ ਜੀ ਸਾਰੇ ਕਮਰਿਆਂ ਵਿਚ ਚਹਿਲ ਕਦਮੀਂ ਕਰਦੇ ਰਹੇ।

ਰੱਬ-ਰੱਬ ਕਰਕੇ ਦਿਨ ਚੜ੍ਹਿਆ ਤੇ ਕਰੀਬ 10 ਵਜੇ ਇਹ ਹੱਸਦੇ-ਹੱਸਦੇ ਘਰ ਆ ਗਏ। ਚਾਹ ਪਾਣੀ ਪੀਣ ਤੋਂ ਬਾਅਦ ਬੇਬੇ ਜੀ ਨੇ ਪੁੱਛਿਆ, ‘‘ਫੇਰ ਤੂੰ ਸਾਨ੍ਹ ਤੋਂ ਕਿੱਕਣ ਬਚਿਆ ਪੁੱਤ, ਕਿਆ ਉਹ ਆਇਆ ਤਾ!’’ ‘‘ਹਾਂ ਬੇਬੇ, ਬਿਲਕੁਲ ਆਇਆ ਸੀ ਤੇ ਪੂਰੇ ਜ਼ੋਰ-ਸ਼ੋਰ ਨਾਲ ਮੇਰੇ ’ਤੇ ਹਮਲਾ ਵੀ ਕੀਤਾ।’’ ਫੇਰ ਬੇਬੇ ਦਾ ਰੰਗ ਉੱਡ ਗਿਆ। ਪਤੀ ਨੇ ਕਿਹਾ, ‘‘ਬਸ ਤੁਹਾਡੇ ਏਸ ਪੁਲੀਅਨ ਦੀ ਪੂਜਾ ਪਾਠ ਨੇ ਬਚਾ ਲਿਆ।’’ ‘‘ਵੇ ਪੁੱਤ ਮੈਂ ਸਦਕੇ ਜਾਵਾਂ ਏਸ ਫੁੱਲੀਏ ਦੇ! ਇਹਨੂੰ ਤਾਂ ਮੈਂ ਆਪਣੇ ਗੈਲ ਈ ਪਿੰਡ ਨੂੰ ਲੈ ਜਾਣਾ ਏ ਤੇ ਉੱਥੇ ਜਾ ਕੇ ਛਲਾਰੂਆਂ ਆਲੀ ਪਿਛਲੀ ਕੋਠੜੀ ਇਹਦੇ ਨਾਉਂ ਲੁਆ ਦੇਣੀ ਹੈ।’’ ਬੇਬੇ ਜੀ ਪੁਲੀਅਨ ਦੇ ਬਲਿਹਾਰ ਜਾ ਰਹੀ ਸੀ।

ਰਾਤ ਨੂੰ ਸੌਣ ਲੱਗਿਆਂ ਇਨ੍ਹਾਂ ਨੇ ਮੈਨੂੰ ਦੱਸਿਆ, ‘‘ਸਾਨ੍ਹ ਨੂੰ ਤਾਂ ਅੱਜ ਅਸੀਂ ਹਮੇਸ਼ਾ ਵਾਸਤੇ ਖ਼ਤਮ ਕਰ ਦਿੱਤਾ ਹੈ।’’ ‘‘ਹੈਂ, ਕੀ ਤੁਸੀਂ ਸਾਨ੍ਹ ਮਾਰ ਦਿੱਤਾ?’’ ਮੈਂ ਡਰ ਕੇ ਪੁੱਛਿਆ। ‘‘ਅਸਲ ਵਿਚ ਉੱਥੇ ਸਾਨ੍ਹ ਸੂਨ ਕੋਈ ਹੈ ਹੀ ਨਹੀਂ ਸੀ। ਇਹ ਸਾਰਾ ਪ੍ਰਪੰਚ ਇਨ੍ਹਾਂ ਤੰਬੀਆਂ ਦਾ ਬਣਾਇਆ ਹੋਇਆ ਸੀ। ਮੈਂ ਪਹਿਲਾਂ ਹੀ ਤਕੜੇ-ਤਕੜੇ ਜੱਟ ਕੈਡਿਟਾਂ (ਜੀ-ਸੀਜ਼) ਦੀ ਡਿਊਟੀ ਲਗਾ ਦਿੱਤੀ ਸੀ। ਉਨ੍ਹਾਂ ਨੇ ਆਸੇ-ਪਾਸੇ ਛੁਪ ਕੇ ਪੂਰੀ ਰੈਕੀ ਕੀਤੀ। ਉਨ੍ਹਾਂ ਨੇ ਦੇਖਿਆ ਕਿ ਕਾਲੇ ਕੰਬਲ ਜਿਹੇ ਲਪੇਟ ਕੇ ਤੇ ਸਿਰ ’ਤੇ ਸਿੰਗ ਲਾ ਕੇ ਦੋ ਆਦਮੀ ਸਾਨ੍ਹ ਬਣ ਕੇ ਲੋਕਾਂ ਨੂੰ ਡਰਾ ਦੇਂਦੇ। ਡਰ ਤਾਂ ਇਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਪਹਿਲਾਂ ਹੀ ਬਿਠਾਇਆ ਹੋਇਆ ਸੀ। ਸੋ ਡਰ ਕੇ ਜਦ ਕੋਈ ਸਕੂਟਰ ਤੋਂ ਡਿੱਗਣ ਲੱਗਦਾ ਤਾਂ ਅਗਲੇ ਦੀ ਘੜੀ-ਬਟੂੂਆ, ਕੜਾ-ਰਿੰਗ ਸਭ ਕੁਝ ਲੁੱਟ ਲੈਂਦੇ। ਕਈ ਵਾਰੀ ਤਾਂ ਅਗਲਾ ਘਬਰਾ ਕੇ ਸਕੂਟਰ ਤੋਂ ਗਿਰ ਵੀ ਜਾਂਦਾ ਤੇ ਸੱਟ-ਫੇਟ ਖਾ ਲੈਂਦਾ। ਇਹ ਸਾਰੀ ਇਨ੍ਹਾਂ ਲੋਕਲ ਲੋਕਾਂ ਦੀ ਸਕੀਮ ਸੀ, ਸਾਡੇ ਸਾਹਮਣੇ ਉਨ੍ਹਾਂ ਨੇ ਮੰਨ ਲਿਆ, ਪੁਲੀਅਨ ਵੀ ਵਿਚੇ ਸ਼ਾਮਿਲ ਸੀ। ਸਾਡੇ ਕੋਲੋਂ ਤਾਂ ਉਨ੍ਹਾਂ ਨੇ ਹੱਥ-ਪੈਰ ਜੋੜ ਕੇ ਮੁਆਫ਼ੀ ਮੰਗ ਲਈ ਤੇ ਅੱਗੋਂ ਹਮੇਸ਼ਾ ਲਈ ਸਾਨ੍ਹ ਦੀ ਛੁੱਟੀ ਕਰ ਦਿੱਤੀ। ਅਸਲ ਵਿਚ ਇੱਥੇ ਗ਼ਰੀਬੀ ਬਹੁਤ ਹੈ, ਇਸੇ ਕਰਕੇ ਭੁੱਖੇ ਮਰਦੇ ਇਹ ਲੋਕ ਅਜਿਹੇ ਹੱਥਕੰਡੇ ਅਪਣਾਉਂਦੇ ਹਨ। ਅੱਛਾ ਸੁਣ, ਤੂੰ ਇਹ ਗੱਲ ਬੇਬੇ ਨੂੰ ਨਾ ਦੱਸੀਂ। ਨਹੀਂ ਤਾਂ ਉਹ ਪੁਲੀਅਨ ਨੂੰ ਕੁੱਟੂਗੀ।’’ ਕਹਿ ਕੇ ਉਹ ਹੱਸਣ ਲੱਗ ਪਏ ਤੇ ਮੈਂ ਵੀ। … ਤੇ ਪੁਲੀਅਨ, ਉਹ ਤਾਂ ਉਸ ਤੋਂ ਬਾਅਦ ਕਦੇ ਨਜ਼ਰ ਹੀ ਨਹੀਂ ਆਇਆ। ਸ਼ਾਇਦ ਤਾਮਿਲਨਾਡੂ ਛੱਡ ਕੇ ਹੀ ਕਿਤੇ ਭੱਜ ਗਿਆ ਹੋਵੇ।

Leave a Reply

Your email address will not be published. Required fields are marked *