ਅੰਦੋਲਨ ’ਚ ਗੁਰਦਾਸਪੁਰ ਦੇ ਕਿਸਾਨ ਦੀ ਮੌਤ

ਗੁਰਦਾਸਪੁਰ : ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਗੁਰਦਾਸਪੁਰ ਦਾ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਦਿੱਲੀ ਮੋਰਚੇ ਲਈ ਜਾ ਰਹੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਨਰਪੁਰ ਵਾਸੀ ਕਿਸਾਨ ਜਾਗੀਰ ਸਿੰਘ ਪੁੱਤਰ ਗਿਆਨ ਸਿੰਘ ਦੀ ਸ਼ਨਿੱਚਰਵਾਰ ਰਾਤ ਨੂੰ ਹਰਿਆਣਾ ਵਿੱਚ ਪੈਂਦੇ ਸ਼ਾਹਬਾਦ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਮਸਤੂ ਜੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਅੱਲੜਪਿੰਡੀ ਨੇ ਦਿੱਲੀ ਮੋਰਚੇ ਲਈ ਜਾ ਰਹੇ ਕਿਸਾਨ ਨੂੰ ਕਿਸਾਨੀ ਘੋਲ ਦੇ ਸ਼ਹੀਦ ਦਾ ਦਰਜਾ ਦਿੰਦਿਆ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਅੰਦੋਲਨ ਵਿੱਚ ਜਾਗੀਰ ਸਿੰਘ ਲਗਾਤਾਰ ਸਰਗਰਮ ਸੀ। ਹਰਿਆਣਾ ਦੇ ਸ਼ਾਹਬਾਦ ਸਥਿਤ ਗੁਰਦੁਆਰੇ ਵਿਖੇ ਰਾਤ ਕੱਟ ਕੇ ਉਨ੍ਹਾਂ ਦਾ ਜਥਾ ਅੱਜ ਸਵੇਰੇ ਦਿੱਲੀ ਲਈ ਰਵਾਨਾ ਹੋਣਾ ਸੀ। ਪਰ ਗੁਰਦੁਆਰੇ ਤੋਂ ਕਰੀਬ ਢਾਈ ਕਿਲੋਮੀਟਰ ਪਹਿਲਾਂ ਹੀ ਰਾਤ ਕਰੀਬ 11 ਵਜੇ ਹਾਦਸਾ ਵਾਪਰ ਗਿਆ। ਜਾਗੀਰ ਸਿੰਘ ਟਰੈਕਟਰ-ਟਰਾਲੀ ਉੱਤੇ ਬੈਠਾ ਹੋਇਆ ਸੀ ਅਤੇ ਪਿੱਛੋਂ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਟੱਕਰ ਮਾਰ ਦਿੱਤੀ। ਟੱਕਰ ਕਰਕੇ ਜਾਗੀਰ ਸਿੰਘ ਟਰਾਲੀ ਤੋਂ ਹੇਠਾਂ ਡਿੱਗ ਗਿਆ ਅਤੇ ਟੈਂਕਰ ਦਾ ਟਾਇਰ ਉੱਤੋਂ ਦੀ ਲੰਘ ਗਿਆ।