ਗੁੁਰਲਾਲ ਕਤਲ ਕੇਸ: ਤਿੰਨ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ

ਫ਼ਰੀਦਕੋਟ : ਫ਼ਰੀਦਕੋਟ ਦੇ ਯੂਥ ਕਾਂਗਰਸੀ ਆਗੂ ਗੁਰਲਾਲ ਸਿੰਘ ਭੁੱਲਰ ਦੇ ਕਤਲ ਕੇਸ ਵਿੱਚ ਦਿੱਲੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਫ਼ਰੀਦਕੋਟ ਪੁਲੀਸ ਨੇ ਦਿੱਲੀ, ਯੂਪੀ. ਅਤੇ ਹਰਿਆਣਾ ਪੁਲੀਸ ਨੂੰ ਹਾਈ ਅਲਰਟ ਕੀਤਾ ਹੋਇਆ ਸੀ। ਸੂਚਨਾ ਅਨੁਸਾਰ ਗੁਰਲਾਲ ਕਤਲ ਕੇਸ ਵਿੱਚ ਦਿੱਲੀ ਪੁਲੀਸ ਨੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸੌਰਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਫੜੇ ਗਏ ਤਿੰਨਾਂ ਨੌਜਵਾਨਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੈ। ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਗੁਰਲਾਲ ਸਿੰਘ ਦੇ ਕਤਲ ’ਚ ਇਹੀ ਤਿੰਨ ਨੌਜਵਾਨ ਸ਼ਾਮਲ ਹਨ। ਫ਼ਰੀਦਕੋਟ ਪੁਲੀਸ ਦੀ ਵਿਸ਼ੇਸ਼ ਟੀਮ ਫੜੇ ਗਏ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰਨ ਲਈ ਦਿੱਲੀ ਪੁੱਜ ਗਈ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲੀਸ ਵੱਲੋਂ ਫੜੇ ਗਏ ਨੌਜਵਾਨਾਂ ਨੂੰ ਫ਼ਰੀਦਕੋਟ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ 19 ਫਰਵਰੀ ਨੂੰ ਸ਼ਹਿਰ ਦੇ ਮੁੱਖ ਚੌਕ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

Leave a Reply

Your email address will not be published. Required fields are marked *