ਜੂਲੀਅਨ ਅਸਾਂਜ ਨੂੰ ਬਰਤਾਨੀਆ ਵਿੱਚ ਨਹੀਂ ਮਿਲੀ ਜ਼ਮਾਨਤ

ਲੰਡਨ : ਅਮਰੀਕਾ ਨੂੰ ਹਵਾਲਗੀ ਖ਼ਿਲਾਫ਼ ਜੰਗ ਦੌਰਾਨ ਸਾਲ 2019 ਤੋਂ ਜੇਲ੍ਹ ਵਿੱਚ ਬੰਦ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਜ਼ਮਾਨਤ ਦੀ ਅਰਜ਼ੀ ਅੱਜ ਇਕ ਬਰਤਾਨਵੀ ਜੱਜ ਨੇ ਖਾਰਜ ਕਰ ਦਿੱਤੀ। ਜ਼ਿਲ੍ਹਾ ਜੱਜ ਵੈਨੇਸਾ ਬੇਰਾਇਤਸਰ ਨੇ ਕਿਹਾ ਕਿ ਅਸਾਂਜ ਨੂੰ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਹੀ ਰੱਖਣਾ ਹੋਵੇਗਾ, ਹਾਲਾਂਕਿ ਇਸ ਦੌਰਾਨ ਅਦਾਲਤ ਨੇ ਅਮਰੀਕੀ ਅਧਿਕਾਰੀਆਂ ਦੀ ਅਸਾਂਜ ਦੀ ਹਵਾਲਗੀ ਸਬੰਧੀ ਅਰਜ਼ੀ ਨੂੰ ਵੀ ਵਿਚਾਰਅਧੀਨ ਰੱਖਿਆ ਹੈ ਜਿਸ ਵਿਚ ਅਸਾਂਜ ਨੂੰ ਅਮਰੀਕਾ ਹਵਾਲੇ ਨਾ ਕਰਨ ਦੇ ਫ਼ੈਸਲੇ ’ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਕਰੀਬ ਇਕ ਦਹਾਕੇ ਪਹਿਲਾਂ ਵਿਕੀਲੀਕਸ ਵੱਲੋਂ ਖ਼ੁਫ਼ੀਆ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਨੂੰ ਲੈ ਕੇ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜ ਨੂੰ ਅਮਰੀਕਾ ਹਵਾਲੇ ਕਰਨ ਦੀ ਅਮਰੀਕੀ ਅਧਿਕਾਰੀਆਂ ਦੀ ਅਪੀਲ ਨੂੰ ਸੋਮਵਾਰ ਨੂੰ ਜੱਜ ਬੇਰਾਇਤਸਰ ਨੇ ਰੱਦ ਕਰ ਦਿੱਤਾ ਸੀ। ਜੱਜ ਨੇ ਸਿਹਤ ਸਬੰਧੀ ਕਾਰਨਾਂ ਦੇ ਆਧਾਰ ’ਤੇ 49 ਸਾਲਾ ਆਸਟਰੇਲਿਆਈ ਦੀ ਹਵਾਲਗੀ ਤੋਂ ਨਾਂਹ ਕਰ ਦਿੱਤੀ ਸੀ। ਜੱਜ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਅਮਰੀਕਾ ਦੀਆਂ ਮੁਸ਼ਕਲ ਹਾਲਾਤ ਵਾਲੀਆਂ ਜੇਲ੍ਹਾਂ ’ਚ ਰੱਖਿਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਖ਼ਤਮ ਕਰ ਸਕਦਾ ਹੈ। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਅਸਾਂਜ ਨੂੰ ਲੰਡਨ ਦੀ ਉੱਚ ਸੁਰੱਖਿਆ ਵਾਲੀ ਬੈਲਮਾਰਸ਼ ਜੇਲ੍ਹ ’ਚ ਹੀ ਰੱਖਿਆ ਜਾਣਾ ਚਾਹੀਦਾ ਹੈ ਜਿੱਥੇ ਉਸ ਨੂੰ ਅਪਰੈਲ 2019 ਤੋਂ ਰੱਖਿਆ ਹੋਇਆ ਹੈ। ਉੱਧਰ, ਅਸਾਂਜ ਦੀ ਪਤਨੀ ਸਟੈੱਲਾ ਮੌਰਿਸ ਨੇ ਅਦਾਲਤ ਦੇ ਫ਼ੈਸਲੇ ਨੂੰ ਕਾਫੀ ਨਿਰਾਸ਼ਾਜਨਕ ਦੱਸਿਆ। ਉਸ ਨੇ ਕਿਹਾ ਕਿ ਇਹ ਗੈਰ-ਮਨੁੱਖੀ ਤੇ ਤਰਕਹੀਣ ਹੈ। –