ਢੀਂਡਸਾ ਵੱਲੋਂ ਸੰਤ ਅਜੀਤ ਸਿੰਘ ਨਾਲ ਮੁਲਾਕਾਤ

ਸ੍ਰੀ ਆਨੰਦਪੁਰ ਸਾਹਿਬ : ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਇੱਥੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਢੀਂਡਸਾ ਨੇ ਮੀਟਿੰਗ ਬਾਰੇ ਕੋਈ ਟਿੱਪਣ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੀ ਇਹ ਬੰਦ ਕਮਰਾ ਮੀਟਿੰਗ ਸੂਬੇ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰ ਸਕਦੀ ਹੈ। ਅਜੀਤ ਸਿੰਘ ਦੇ ਸੰਤ ਸਮਾਜ ਨਾਲ ਜੁੜੇ ਹੋਣ ਕਾਰਨ ਹਲਕੇ ਦੇ ਲੋਕਾਂ ਵਿੱਚ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ।
ਇਸ ਦੌਰਾਨ ਢੀਂਡਸਾ ਨੇ ਕੀਰਤਪੁਰ ਸਾਹਿਬ ਦਾ ਵੀ ਦੌਰਾ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੱਦੇਨਜ਼ਰ ਹਾਲੇ ਉਨ੍ਹਾਂ ਵੱਲੋਂ ਕੋਈ ਤਿਆਰੀ ਨਹੀਂ ਕੀਤੀ ਗਈ। ਫਿਲਹਾਲ ਉਹ ਬਾਕੀ ਆਗੂਆਂ ਨੂੰ ਬਾਦਲ ਪਰਿਵਾਰ ਖ਼ਿਲਾਫ਼ ਲਾਮਬੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਦਾ ਪੂਰਾ ਸਾਥ ਦੇਣਗੇ। ਵਿਧਾਨ ਸਭਾ 2022 ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਵਿੱਚ ਇੱਕ ਅਜਿਹਾ ਮੰਚ ਤਿਆਰ ਕਰਨ ਦੀ ਕੋਸ਼ਿਸ਼ ਹੈ, ਜਿਥੇ ਉਹ ਬਾਦਲ ਪਰਿਵਾਰ ਅਤੇ ਕਾਂਗਰਸੀਆਂ ਨੂੰ ਟੱਕਰ ਦੇ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਸਫ਼ਾਇਆ ਹੋ ਚੁੱਕਿਆ ਹੈ। ਇਸ ਲਈ ਦਿਨੋਂ ਦਿਨ ਭਾਜਪਾ ਖ਼ਿਲਾਫ਼ ਵਧ ਰਹੇ ਪੰਜਾਬੀਆਂ ਦੇ ਰੋਹ ਨੂੰ ਵੇਖਦਿਆਂ ਭਾਜਪਾਈਆਂ ਨੂੰ ਲੋਕ ਕਚਹਿਰੀ ਵਿੱਚ ਜਾਣ ਦਾ ਵਿਚਾਰ ਤਿਆਗ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ 2022 ਲਈ ਉਮੀਦਵਾਰ ਐਲਾਨੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਚੋਣਾਂ ਨੂੰ ਹਾਲੇ ਬਹੁਤ ਸਮਾਂ ਪਿਆ ਹੈ। ਇੰਨੀ ਦੇਰ ਪਹਿਲਾਂ ਉਮੀਦਵਾਰ ਐਲਾਨਣਾ ਨਾਸਮਝੀ ਹੈ।