ਪਟਿਆਲਾ ’ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਪਟਿਆਲਾ : ਇੱਥੇ ਗੁਰਬਖਸ਼ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਦਾ ਅੱਧੀ ਦਰਜਨ ਨੌਜਵਾਨਾਂ ਨੇ ਕਿਸੇ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਨੌਜਵਾਨ ਕੁਨਾਲ ਸਦਾਨ ਚਾਰ ਜਨਵਰੀ ਦੀ ਰਾਤ ਨੂੰ ਆਪਣੇ ਮੁੰਬਈ ਤੋਂ ਆਏ ਭਰਾ ਮੌਂਟੀ ਅਤੇ ਕੁਝ ਸਾਥੀਆਂ ਸਮੇਤ ਰੇਲਵੇ ਰੋਡ ’ਤੇ ਸਥਿਤ ਵੇਰਕਾ ਬੂਥ ’ਤੇ ਮੌਜੂਦ ਸੀ ਕਿ ਅੱਧੀ ਦਰਜਨ ਨੌਜਵਾਨਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸਾਜਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੁਲਜ਼ਮਾਂ ਨੇ ਉਸ ਦੇ ਚਾਰ ਸਾਥੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਸਾਜਨ ਦੀ ਮੌਤ ਹੋ ਗਈ। ਜ਼ਖ਼ਮੀ ਹੋਏ ਉਸ ਦੇ ਚਾਰੇ ਸਾਥੀ ਜ਼ੇਰੇ ਇਲਾਜ ਹਨ। ਥਾਣਾ ਅਨਾਜ ਮੰਡੀ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਛੇ ਜਣਿਆਂ ਖ਼ਿਲਾਫ਼ ਧਾਰਾ 302, 307, 323, 148 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਹਿਤੇਸ਼ਵਰ ਉਰਫ਼ ਘੋੜਾ ਅਤੇ ਨੀਰਜ ਨਿੰਜਾ ਸਮੇਤ ਚਾਰ ਅਣਪਛਾਤੇ ਮੁਲਜ਼ਮ ਸ਼ਾਮਲ ਹਨ। ਪੁਲੀਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।