ਪਾਕਿ: ਸ਼ੀਆ ਹਾਜ਼ਰਾ ਭਾਈਚਾਰੇ ਦੇ 11 ਜਣਿਆਂ ਦੀ ਹੱਤਿਆ

ਕਰਾਚੀ : ਪਾਕਿਸਤਾਨ ਦੇ ਘੱਟ ਗਿਣਤੀ ਸ਼ੀਆ ਹਾਜ਼ਰਾ ਭਾਈਚਾਰੇ ਨਾਲ ਸਬੰਧਤ 11 ਖਾਣ ਮਜ਼ਦੂਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਣਪਛਾਤੇ ਬੰਦੂਕਧਾਰੀਆਂ ਨੇ ਪਹਿਲਾਂ ਇਨ੍ਹਾਂ ਨੂੰ ਗੜਬੜੀ ਵਾਲੇ ਬਲੋਚਿਸਤਾਨ ਸੂਬੇ ਵਿਚ ਅਗਵਾ ਕੀਤਾ ਤੇ ਮਗਰੋਂ ਹੱਤਿਆ ਕਰ ਦਿੱਤੀ। ਗੋਲੀਬਾਰੀ ਵਿਚ ਚਾਰ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਮੁਤਾਬਕ ਜਦ ਇਨ੍ਹਾਂ ਨੂੰ ਅਗਵਾ ਕੀਤਾ ਗਿਆ ਤਾਂ ਇਹ ਖਾਣ ਵਿਚ ਕੰਮ ਕਰਨ ਜਾ ਰਹੇ ਸਨ। ਹਮਲਾਵਰ ਘੱਟ ਗਿਣਤੀ ਭਾਈਚਾਰੇ ਦੇ ਮਜ਼ਦੂਰਾਂ ਨੂੰ ਨੇੜਲੀਆਂ ਪਹਾੜੀਆਂ ਕੋਲ ਲੈ ਗਏ ਤੇ ਗੋਲੀ ਮਾਰ ਦਿੱਤੀ। ਛੇ ਜਣੇ ਮੌਕੇ ਉਤੇ ਹੀ ਮਾਰੇ ਗਏ ਜਦਕਿ ਪੰਜ ਨੇ ਹਸਪਤਾਲ ਜਾਂਦਿਆਂ ਰਾਹ ਵਿਚ ਦਮ ਤੋੜ ਦਿੱਤਾ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਪਹਿਲਾਂ ਸਾਰੇ ਮਜ਼ਦੂਰਾਂ ਵਿਚੋਂ ਸ਼ੀਆ ਹਜ਼ਾਰਾ ਭਾਈਚਾਰੇ ਦੇ ਮੈਂਬਰਾਂ ਦੀ ਸ਼ਨਾਖ਼ਤ ਕੀਤੀ ਤੇ ਬਾਕੀਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਨ੍ਹਾਂ ਨੂੰ ਅਗਵਾ ਕਰ ਕੇ ਲੈ ਗਏ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ ਤੇ ਘਟਨਾ ਨੂੰ ‘ਇਕ ਹੋਰ ਕਾਇਰਾਨਾ ਕਾਰਵਾਈ ਅਤੇ ਅਣਮਨੁੱਖੀ ਅਤਿਵਾਦੀ ਕਾਰਾ’ ਕਰਾਰ ਦਿੱਤਾ ਹੈ। ਇਮਰਾਨ ਨੇ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਸਰਕਾਰ ਹਰ ਸੰਭਵ ਮਦਦ ਦੇਵੇਗੀ। ਹਮਲਾਵਰਾਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਵੱਡੀ ਮੁਹਿੰਮ ਆਰੰਭੀ ਹੈ। ਹਾਲੇ ਤੱਕ ਕਿਸੇ ਨੇ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਪਾਬੰਦੀ ਅਧੀਨ ਸੁੰਨੀ ਕੱਟੜਵਾਦੀ ਸੰਗਠਨ ਲਸ਼ਕਰ-ਏ-ਝਾਂਗਵੀ ਹਾਜ਼ਰਾ ਭਾਈਚਾਰੇ ਨੂੰ ਬਲੋਚਿਸਤਾਨ ਵਿਚ ਨਿਸ਼ਾਨਾ ਬਣਾਉਂਦਾ ਰਿਹਾ ਹੈ।