ਭਾਰਤ ਤੇ ਚੀਨ ਵਿਚਾਲੇ ਹੌਟਲਾਈਨ ਸਥਾਪਤ ਕਰਨ ਦੀ ਸਹਿਮਤੀ ਬਣੀ

ਨਵੀਂ ਦਿੱਲੀ/ਪੇਈਚਿੰਗ : ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਵਿਕਸਤ ਕਰਨ ਲਈ ਸਰਹੱਦ ’ਤੇ ਅਮਨ ਤੇ ਸ਼ਾਂਤੀ ਕਾਇਮ ਰੱਖਣੀ ਜ਼ਰੂਰੀ ਕਰਾਰ ਦਿੰਦਿਆਂ ਭਾਰਤ ਨੇ ਚੀਨ ਨੂੰ ਕਿਹਾ ਹੈ ਕਿ ਫ਼ੌਜਾਂ ਦੀ ਪੂਰਨ ਵਾਪਸੀ ਦੀ ਯੋਜਨਾ ’ਤੇ ਅਮਲ ਲਈ ਇਹ ਜ਼ਰੂਰੀ ਹੈ ਕਿ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਸੈਨਿਕਾਂ ਨੂੰ ਹਟਾਇਆ ਜਾਵੇ। ਦੋਹਾਂ ਦੇਸ਼ਾਂ ਨੇ ਸਮੇਂ-ਸਮੇਂ ’ਤੇ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਇਕ ਹੌਟਲਾਈਨ ਸਥਾਪਤ ਕਰਨ ’ਤੇ ਵੀ ਸਹਿਮਤੀ ਜਤਾਈ ਹੈ।

ਪਿਛਲੇ ਹਫ਼ਤੇ, ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਪੂਰਬੀ ਲੱਦਾਖ ਵਿੱਚ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਸੈਨਿਕ ਤੇ ਹਥਿਆਰ ਹਟਾਉਣ ਦੀ ਕਾਰਵਾਈ ਪੂਰੀ ਕੀਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਉਨ੍ਹਾਂ ਦੀ ਚੀਨੀ ਹਮਰੁਤਬਾ ਵਾਂਗ ਯੀ ਨਾਲ ਲੰਘੇ ਦਿਨ ਟੈਲੀਫੋਨ ’ਤੇ ਹੋਈ 75 ਮਿੰਟ ਲੰਬੀ ਗੱਲਬਾਤ ਦੇ ਵੇਰਵੇ ਜਾਰੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਦੱਸਿਆ ਕਿ ਚੀਨ ਨੂੰ ਕਿਹਾ ਗਿਆ ਹੈ ਕਿ ਪਿਛਲੇ ਸਾਲ ਤੋਂ ਦੋਹਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ’ਤੇ ਗੰਭੀਰ ਅਸਰ ਪਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਹੱਦ ਦਾ ਮਾਮਲਾ ਹੱਲ ਹੋਣ ਵਿੱਚ ਸਮਾਂ ਲੱਗ ਸਕਦਾ ਹੈ ਪਰ ਹਿੰਸਾ ਸਣੇ ਅਮਨ ਤੇ ਸ਼ਾਂਤੀ ਭੰਗ ਹੋਣ ਦਾ ਦੋਹਾਂ ਦੇਸ਼ਾਂ ਦੇ ਸੰਬਧਾਂ ’ਤੇ ਕਾਫੀ ਮਾੜਾ ਅਸਰ ਪਵੇਗਾ। ਦੋਹਾਂ ਦੇਸ਼ਾਂ ਦੇ ਮੰਤਰੀਆਂ ਨੇ ਸੰਪਰਕ ਵਿੱਚ ਰਹਿਣ ਅਤੇ ਇਕ ਹੌਟਲਾਈਨ ਕਾਇਮ ਕਰਨ ਦੀ ਹਾਮੀ ਭਰੀ ਹੈ। ਦੋਹਾਂ ਆਗੂਆਂ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਮੌਜੂਦਾ ਹਾਲਾਤ ਅਤੇ ਭਾਰਤ-ਚੀਨ ਦੇ ਸੰਪੂਰਨ ਸਬੰਧਾਂ ਦੇ ਮੁੱਦੇ ’ਤੇ ਗੱਲਬਾਤ ਕੀਤੀ। ਉੱਧਰ, ਪੇਈਚਿੰਗ ਵਿੱਚ ਦੇਰ ਰਾਤ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਅਨੁਸਾਰ ਵਾਂਗ ਨੇ ਕਿਹਾ ਕਿ ਚੀਨ ਤੇ ਭਾਰਤ ਨੂੰ ਆਪਸੀ ਭਰੋਸੇ ਦੇ ਸਹੀ ਰਾਹ ਦਾ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *