ਬਹਿਬਲ ਗੋਲੀ ਕਾਂਡ ਮਾਮਲੇ ਦੀ ਸੁਣਵਾਈ 3 ਸਤੰਬਰ ਤੱਕ ਮੁਲਤਵੀ

ਫਰੀਦਕੋਟ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਗੋਲੀ ਕਾਂਡ ਮਾਮਲੇ ਦੀ ਅੱਜ ਇੱਥੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਸੁਣਵਾਈ ਹੋਣੀ ਸੀ ਪਰ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਅੱਜ ਛੁੱਟੀ ’ਤੇ ਹੋਣ ਕਰਕੇ ਇਸ ਕੇਸ ਸਬੰਧੀ ਕੋਈ ਸੁਣਵਾਈ ਨਹੀਂ ਹੋ ਸਕੀ। ਇਸ ਕੇਸ ਸਬੰਧੀ ਅੱਜ ਇਹ ਕੇਸ ਫਾਈਲ ਡਿਊਟੀ ਐਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮੜੋਕ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 3 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ ।

ਜਾਣਕਾਰੀ ਅਨੁਸਾਰ ਅੱਜ ਅਦਾਲਤ ਵਿਚ ਅਮਰਜੀਤ ਸਿੰਘ ਪੇਸ਼ ਹੋਏ ਪ੍ਰੰਤੂ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਇਨਾ ਦੇ ਦੂਸਰੇ ਸਾਥੀ ਅਦਾਲਤ ਵਿਚ ਪੇਸ਼ ਨਹੀਂ ਹੋਏ ਅਤੇ ਇਨ੍ਹਾਂ ਖ਼ਿਲਾਫ਼ ਗੰਭੀਰ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਇਹ ਦੱਸਣਯੋਗ ਹੈ ਬਹਿਬਲ ਗੋਲੀ ਕਾਂਡ ਵਿਚ ਪੇਸ਼ ਹੋਈ ਚਾਰਜਸੀਟ ਨੂੰ ਹਾਈਕੋਰਟ ਵਿਚ ਸੁਣਵਾਈ ਦੋ ਸਤੰਬਰ ਨੂੰ ਹੋਣੀ ਹੈ ਅਤੇ ਹੁਣ ਤੱਕ ਚਾਰ ਚਲਾਨ ਪੇਸ਼ ਹੋ ਚੁੱਕੇ ਹਨ ਜਦਕਿ ਪੰਜਵਾ ਚਲਾਨ ਪੇਸ਼ ਹੋਣ ਤੋਂ ਪਹਿਲਾ ਹੀ ਜਾਂਚ ਟੀਮ ਦੇ ਮੈਂਬਰ ਆਈ ਜੀ ਕੁੰਵਰਵਿਜੈ ਪ੍ਰਤਾਪ ਸਿੰਘ ਆਪਣਾ ਅਸਤੀਫਾ ਦੇ ਗਏ ਸਨ। ਪੰਜਾਬ ਸਰਕਾਰ ਨੇ ਬਹਿਬਲ ਕਾਂਡ ਦੀ ਪੜਤਾਲ ਲਈ ਹੁਣ ਨਵੀ ਤਿੰਨ ਮੈਬਰੀ ਜਾਂਚ ਟੀਮ ਬਣਾਈ ਹੈ ਜਿਸ ਦੀ ਅਗਵਾਈ ਆਈ. ਜੀ. ਨੋਨਿਹਾਲ ਸਿੰਘ ਕਰ ਰਹੇ ਹਨ। ਇਸ ਜਾਂਚ ਟੀਮ ਵਿਚ ਮੁਹਾਲੀ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਅਤੇ ਫਰੀਦਕੋਟ ਦੇ ਐੱਸ. ਐੱਸ. ਪੀ ਸਵਰਨਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

Leave a Reply

Your email address will not be published. Required fields are marked *