ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਜਲੰਧਰ ਜੀਟੀ ਰੋਡ ‘ਤੇ ਲਾਇਆ ਧਰਨਾ, ਪੁਲਿਸ ਨੇ ਟ੍ਰੈਫਿਕ ਕੀਤਾ ਡਾਈਵਰਟ

ਜਲੰਧਰ: ਪੰਜਾਬ ਦੇ ਕਿਸਾਨਾਂ ਵੱਲੋਂ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਦੇ ਚਲਦਿਆਂ ਕੱਲ੍ਹ ਤੋਂ ਜਲੰਧਰ ਨੇੜੇ ਜੀਟੀ ਰੋਡ ਅਤੇ ਰੇਲਵੇ ਟਰੈਕ ਬੰਦ ਕਰਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਪੁਲਿਸ ਪ੍ਰਸ਼ਾਸਨ ਨੇ ਜਲੰਧਰ ਵੱਲ ਆਉਣ ਵਾਲਾ ਸਾਰਾ ਟ੍ਰੈਫਿਕ ਡਾਈਵਰਟ ਕਰ ਦਿੱਤਾ ਹੈ।
ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਰਹੀਆਂ ਹਨ ਕਿ ਗੰਨੇ ਦਾ ਭਾਅ ਵਧਾ ਕੇ 400 ਕੀਤਾ ਜਾਵੇ। ਪਰ ਪੰਜਾਬ ਸਰਕਾਰ ਨੇ ਇਹ ਰੇਟ ਸਿਰਫ 15 ਰੁਪਏ ਵਧਾ ਕੇ 325 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜਦਕਿ ਹਰਿਆਣਾ ਵਿੱਚ ਇਹ ਰੇਟ 358 ਰੁਪਏ ਹੈ ਅਤੇ ਪਹਿਲਾਂ ਪੰਜਾਬ ਵਿੱਚ ਇਹ ਰੇਟ ਹਰਿਆਣਾ ਨਾਲੋਂ ਹਮੇਸ਼ਾ 20 ਰੁਪਏ ਵੱਧ ਸੀ, ਪਰ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ।
ਕਿਸਾਨ ਆਗੂਆਂ ਬਲਵਿੰਦਰ ਸਿੰਘ ਅਤੇ ਜੰਗ ਵੀਰ ਸਿੰਘ ਨੇ ਕਿਹਾ ਕਿ ਹੁਣ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਕਿਸਾਨਾਂ ਦੀ ਮੰਗ ਅਨੁਸਾਰ 400 ਰੁਪਏ ਰੇਟ ਦੇਣਾ ਹੈ ਜਾਂ ਨਹੀਂ ਕਿਉਂਕਿ ਹੁਣ ਜਦੋਂ ਤੱਕ ਸਰਕਾਰ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਆਵਾਜਾਈ ਬਹਾਲ ਨਹੀਂ ਕਰਨਗੇ।