ਲਉ! ਹੁਣ ਪੰਜਾਬੀ ’ਵਰਸਿਟੀ ’ਚ ‘ਸੰਤੋਖ ਸਿੰਘ ਧੀਰ ਚੇਅਰ’ ਸਥਾਪਤ ਕਰਨ ਦੀ ਮੰਗ ਵੀ ਕਰ ਦਿੱਤੀ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਲੇਖਕ ਸੰਤੋਖ ਸਿੰਘ ਧੀਰ ਦੀ ਯਾਦ ਵਿੱਚ ਚੇਅਰ ਸਥਾਪਤ ਕਰਨ ਦੀ ਮੰਗ ਉੱਠੀ ਹੈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਭੀਮਇੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਦੋ-ਰੋਜ਼ਾ ਵੈਬਿਨਾਰ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਗੁਰਬਚਨ ਸਿੰਘ ਭੁੱਲਰ ਦਾ ਦਾਅਵਾ ਸੀ ਕਿ ਇਹ ਚੇਅਰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹਿਤ ਚਿੰਤਨ ਅਤੇ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗੀ। ਵੈਬਿਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਧੀਰ ਦਾ ਸਾਹਿਤ ਲੋਕਾਈ ਨੂੰ ਜੋੜਨ ਦਾ ਹੋਕਾ ਦਿੰਦਾ ਹੈ, ਜੋ ਅੱਜ ਦੇ ਟੁੱਟ-ਭੱਜ ਦੇ ਦੌਰ ਵਿੱਚ ਹੋਰ ਵੀ ਪ੍ਰਸੰਗਕ ਹੋ ਜਾਂਦਾ ਹੈ। ਇਸ ਮੌਕੇ ਡਾ. ਧਨਵੰਤ ਕੌਰ, ਡਾ. ਸੁਖਦੇਵ ਸਿਰਸਾ, ਰਿਪੁਦਮਨ ਸਿੰਘ ਰੂਪ, ਡਾ. ਸਤਨਾਮ ਸਿੰਘ ਸੰਧੂ ਡੀਨ (ਭਾਸ਼ਾਵਾਂ) ਤੇ ਪ੍ਰੋ. ਰਾਜਿੰਦਰ ਕੁਮਾਰ ਲਹਿਰੀ ਸ੍ਰੀ ਧੀਰ ਦੇ ਗੁਣ ਗਾਏ। ਇਸ ਵੈਬਿਨਾਰ ਵਿੱਚ ਡਾ. ਪਰਮਜੀਤ ਕੌਰ ਸਿੱਧੂ, ਡਾ. ਜਸਵੀਰ ਕੌਰ, ਡਾ. ਗੁਰਸੇਵਕ ਲੰਬੀ, ਡਾ. ਕੁਲਦੀਪ ਸਿੰਘ, ਡਾ. ਮੋਹਨ ਤਿਆਗੀ, ਡਾ. ਵੀਰਪਾਲ ਕੌਰ ਸਿੱਧੂ, ਡਾ. ਰਾਜਵਿੰਦਰ ਸਿੰਘ, ਡਾ. ਨਰੇਸ਼, ਡਾ. ਪਰਮੀਤ ਕੌਰ, ਡਾ. ਗੁਰਜੰਟ ਸਿੰਘ, ਡਾ. ਪਰਮਿੰਦਰਜੀਤ ਕੌਰ ਤੇ ਡਾ. ਗੁਰਪ੍ਰੀਤ ਕੌਰ ਨੇ ਵੀ ਆਪਣੇ ਵਿਸਤ੍ਰਿਤ ਖੋਜ ਪੱਤਰ ਸਾਂਝੇ ਕੀਤੇ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਰਵੇਲ ਸਿੰਘ, ਡਾ. ਗੁਰਨਾਇਬ ਸਿੰਘ ਅਤੇ ਡਾ. ਜਸਵਿੰਦਰ ਸਿੰਘ ਨੇ ਕੀਤੀ।
ਧੀਰ ਨਾਲ ਜੁੜੀਆਂ ਯਾਦਾਂ ਬਾਰੇ ਕਰਵਾਏ ਗਏ ਇਕ ਰੌਚਕ ਸੈਸ਼ਨ ਦੌਰਾਨ ਨਿੰਦਰ ਘੁਗਿਆਣਵੀ ਸਮੇਤ ਨਵਰੂਪ, ਸੰਜੀਵਨ ਸਿੰਘ, ਰੰਜੀਵਨ ਸਿੰਘ ਤੇ ਗੁਲਜ਼ਾਰ ਸੰਧੂ ਨੇ ਵੀ ਯਾਦਾਂ ਸਾਂਝੀਆਂ ਕੀਤੀਆਂ। ਡਾ. ਸਰਬਜੀਤ ਸਿੰਘ ਨੇ ਵਿਦਾਇਗੀ ਭਾਸ਼ਨ ਦਿੱਤਾ।