‘ਆਪ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚੋਂ ਭਗਵੰਤ ਮਾਨ ਗੈਰ-ਹਾਜ਼ਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚੋਂ ਸੰਸਦ ਮੈਂਬਰ ਭਗਵੰਤ ਮਾਨ ਅੱਜ ਗੈਰ-ਹਾਜ਼ਰ ਰਹੇ। ਇਸ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਮੁੜ ‘ਆਪ’ ਦੇ ਕੌਮੀ ਕਨਵੀਨਰ ਬਣੇ ਹਨ| ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ 15 ਮਿੰਟ ਦੇ ਆਪਣੇ ਸੁਨੇਹੇ ਵਿੱਚ ਅਸਿੱਧੇ ਢੰਗ ਨਾਲ ਭਗਵੰਤ ਮਾਨ ਨੂੰ ਨਸੀਹਤਾਂ ਦਿੱਤੀਆਂ ਸਨ| ਸੂਤਰ ਦੱਸਦੇ ਹਨ ਕਿ ਅੱਜ ਭਗਵੰਤ ਮਾਨ ਨੇ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚੋਂ ਗੈਰ-ਹਾਜ਼ਰ ਰਹਿ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ|

‘ਆਪ’ ਦੀ ਪੰਜਾਬ ਇਕਾਈ ਵਿਚ ਚਰਚੇ ਹਨ ਕਿ ਅਹੁਦਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤੇ ਜਾਣ ਤੋਂ ਦੂਜੇ ਦਿਨ ਹੀ ਅਰਵਿੰਦ ਕੇਜਰੀਵਾਲ ਖ਼ੁਦ ਮੁੜ ਕੌਮੀ ਕਨਵੀਨਰ ਦੇ ਅਹੁਦੇ ’ਤੇ ਬਿਰਾਜਮਾਨ ਹੋ ਗਏ ਹਨ ਜਦਕਿ ਕੱਲ੍ਹ ਹੀ ਕੇਜਰੀਵਾਲ ਨੇ ਆਪਣੇ ਸੁਨੇਹੇ ਵਿੱਚ ਇਸ਼ਾਰਾ ਕੀਤਾ ਸੀ ਕਿ ਜਦੋਂ ਵੀ ਕੋਈ ਆਗੂ ਖੁਦ ਆਪਣੇ ਲਈ ਅਹੁਦਾ ਮੰਗਦਾ ਹੈ ਤਾਂ ਸਪੱਸ਼ਟ ਹੈ ਕਿ ਉਹ ਅਹੁਦੇ ਦੇ ਯੋਗ ਨਹੀਂ ਹੁੰਦਾ| ਉਨ੍ਹਾਂ ਇਹ ਵੀ ਕਿਹਾ ਸੀ ਕਿ ਮਿਹਨਤ ਨਾਲ ਕੰਮ ਕਰਨ ਵਾਲੇ ਨੂੰ ਪਾਰਟੀ ਖ਼ੁਦ ਘਰ ਆ ਕੇ ਅਹੁਦਾ ਦੇਵੇਗੀ| ਅੱਜ ਭਗਵੰਤ ਮਾਨ ਦੀ ਕੌਮੀ ਕਾਰਜਕਾਰਨੀ ’ਚੋਂ ਗੈਰ-ਹਾਜ਼ਰੀ ਦੱਸਦੀ ਹੈ ਕਿ ‘ਆਪ’ ਦੇ ਵਿਹੜੇ ਵਿਚ ਸੁੱਖ ਨਹੀਂ ਹੈ|

ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ ਤੇ ਉਹ ਮੀਟਿੰਗ ਵਿੱਚ ਹਾਜ਼ਰ ਸਨ| ਅੱਜ ਕਾਰਜਕਾਰਨੀ ਦੀ ਵਰਚੁਅਲ ਮੀਟਿੰਗ ਸੀ ਜਿਸ ਵਿੱਚ ਭਗਵੰਤ ਮਾਨ ਨੇ ‘ਆਪ’ ਦੀ ਪੰਜਾਬ ਇਕਾਈ ਦੇ ਕਨਵੀਨਰ ਹੋਣ ਦੇ ਨਾਤੇ ਇਨਵਾਈਟੀ ਮੈਂਬਰ ਵਜੋਂ ਸ਼ਾਮਲ ਹੋਣਾ ਸੀ ਪਰ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਇਸ ਤੋਂ ਸੰਕੇਤ ਮਿਲਦੇ ਹਨ ਕਿ ‘ਆਪ’ ਵਿੱਚ ਅੰਦਰੋ-ਅੰਦਰੀ ਖਿੱਚੋਤਾਣ ਸ਼ੁਰੂ ਹੋ ਗਈ ਹੈ| ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਪੰਜਾਬ ਵਿੱਚ ਆਪਣੀਆਂ ਜਨਤਕ ਗਤੀਵਿਧੀਆਂ ਬੰਦ ਕੀਤੀਆਂ ਹੋਈਆਂ ਹਨ ਅਤੇ ਉਹ ਅੰਦਰੋਂ ਨਾਰਾਜ਼ ਹਨ ਕਿ ‘ਆਪ’ ਵੱਲੋਂ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ| ਹਾਲਾਂਕਿ, ਉਨ੍ਹਾਂ ਦੇ ਸਮਰਥਕਾਂ ਨੇ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ| ਇਸ ਸਬੰਧੀ ਸੰਸਦ ਮੈਂਬਰ ਭਗਵੰਤ ਮਾਨ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਉਨ੍ਹਾਂ ਦੇ ਨੇੜਲਿਆਂ ਤੋਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਤਿੰਨ ਦਿਨਾਂ ਤੋਂ ਮੀਟਿੰਗਾਂ ’ਚ ਰੁੱਝੇ ਹੋਏ ਹਨ| ਉਹ ਮੀਟਿੰਗਾਂ ਲਈ ਅਹਿਮਦਾਬਾਦ, ਭੁਪਾਲ ਅਤੇ ਗੋਆ ਗਏ ਸਨ ਅਤੇ ਅੱਜ ਬਾਅਦ ਦੁਪਹਿਰ ਦਿੱਲੀ ਪੁੱਜੇ ਹਨ| ਸੋਸ਼ਲ ਮੀਡੀਆ ’ਤੇ ਇਹ ਚਰਚੇ ਵੀ ਚੱਲ ਰਹੇ ਹਨ ਕਿ ‘ਆਪ’ ਵੱਲੋਂ ਪਾਰਟੀ ਵਿਧਾਨ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਛੇੇ ਮਹੀਨੇ ਪਹਿਲਾਂ ਪਾਰਟੀ ਸੰਵਿਧਾਨ ਸੋਧ ਕੇ ਕੌਮੀ ਕਨਵੀਨਰ ਦਾ ਕਾਰਜਕਾਲ ਪੰਜ ਵਰ੍ਹਿਆਂ ਦਾ ਕਰ ਦਿੱਤਾ ਗਿਆ ਹੈ ਜੋ ਪਹਿਲਾਂ ਦੋ ਵਰ੍ਹਿਆਂ ਦਾ ਸੀ|

ਸੋਸ਼ਲ ਮੀਡੀਆ ’ਤੇ ਜਿੱਥੇ ਵਿਰੋਧੀਆਂ ਵੱਲੋਂ ਭਗਵੰਤ ਮਾਨ ’ਤੇ ਉਂਗਲ ਚੁੱਕੀ ਜਾ ਰਹੀ ਹੈ, ਉੱਥੇ ਹੀ ਇਹ ਗੱਲ ਵੀ ਚਰਚਾ ਵਿੱਚ ਹੈ ਕਿ ਬਿਜਲੀ ਯੂਨਿਟ ਦੀ ਮੁਆਫ਼ੀ ’ਤੇ ਪੰਜਾਬ ਵਿਚ ਵੀ ਇਹ ਨਾਅਰਾ ਦਿੱਤਾ ਗਿਆ ਹੈ ਕਿ ‘ਕੇਜਰੀਵਾਲ ਦੀ ਪਹਿਲੀ ਗਾਰੰਟੀ’| ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਦਿੱਤੇ ਨਾਅਰੇ ‘ਅਬ ਚੰਡੀਗੜ੍ਹ ਮੇਂ ਭੀ ਕੇਜਰੀਵਾਲ’ ਉੱਤੇ ਵੀ ਟਿੱਪਣੀਆਂ ਹੋ ਰਹੀਆਂ ਹਨ| ਪੰਜਾਬ ਦੇ ਆਮ ਲੋਕ ਕਾਂਗਰਸ ਵਾਂਗ ਹੁਣ ‘ਆਪ’ ਦੇ ਅੰਦਰੂਨੀ ਕਲੇਸ਼ ਤੋਂ ਵੀ ਖ਼ਫ਼ਾ ਹਨ|

Leave a Reply

Your email address will not be published. Required fields are marked *