ਵਿਰੋਧੀਆਂ ਦੇ ਉੱਸਲਵੱਟਿਆਂ ਨੂੰ ਵਧਾ ਸਕਦੈ ਬਾਦਲਾਂ ਦੇ ‘ਮਨ ਦਾ ਭੇਤ’

ਲੰਬੀ: ਲੰਬੀ ਹਲਕੇ ਬਾਰੇ ਬਾਦਲ ਪਰਿਵਾਰ ਦੇ ਮਨ ਦਾ ਭੇਤ ਵਿਰੋਧੀਆਂ ਅਤੇ ਲੋਕ ਮਨਾਂ ਦੇ ਉੱਸਲਵੱਟਿਆਂ ਨੂੰ ਅਜੇ ਹੋਰ ਵਧਾ ਸਕਦਾ ਹੈ। ਅੱਜ ਐਲਾਨੀ 64 ਹਲਕਿਆਂ ਦੀ ਸੂਚੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਰਾਜਧਾਨੀ ਲੰਬੀ ਤੋਂ ਉਮੀਦਵਾਰ ਦੇ ਜ਼ੇਰੇ-ਜ਼ਿਕਰ ਤੋਂ ਪਾਸੇ ਹੈ। ਲੰਬੀ ਲਈ ਉਮੀਦਵਾਰ ਸੂਚੀ ਵਿੱਚ ਸ਼ਾਮਲ ਨਾ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਿਆਸੀ ਪੱਤੇ ਖੋਲ੍ਹਣ ਤੋਂ ਟਾਲਾ ਵੱਟ ਗਏ। ਉਨ੍ਹਾਂ ਨੂੰ ਪੁੱਛਿਆ ਕਿ ‘ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨਵੇਂ ਸਿਰਿਓਂ ਫਿਰ ਪੰਜਾਬ ਦੇ ਵਿਕਾਸ ਨੂੰ ਸੇਧ ਦੇਣ ਲਈ ਤਿਆਰ ਹਨ’ ਤਾਂ ਉੁਨ੍ਹਾਂ ਕਿਹਾ ਕਿ ‘ਚਲੋ ਕੋਈ ਨਹੀਂ ਜੀ, ਦੇਖਾਂਗੇ ਜੀ ਕਦੇ।’ ਸਾਬਕਾ ਮੁੱਖ ਮੰਤਰੀ ਦੇ ਸਮੇਂ ਤੋਂ ਪਹਿਲਾਂ ਮੁੱਠੀ ਨਾ ਖੋਲ੍ਹਣ ਦੇ ਰਵਾਇਤੀ ਅੰਦਾਜ਼ ਨੇ ਦਰਸਾ ਦਿੱਤਾ ਹੈ ਕਿ ਲੰਬੀ ਦਾ ਤੁਰਪ ਵਾਲਾ ਸਿਆਸੀ ਪੱਤਾ ਇਸ ਵਾਰ ਵੀ ਪੰਜਾਬ ਸਿਆਸਤ ਵਿੱਚ ਆਪਣੇ ਰੌਚਕ ਜਲਵੇ ਦਿਖਾਏਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1997 ਤੋਂ ਲਗਾਤਾਰ ਲੰਬੀ ਹਲਕੇ ਤੋਂ ਵਿਧਾਇਕ ਚੁਣੇ ਜਾਂਦੇ ਆ ਰਹੇ ਹਨ। ਵੱਡੇ ਬਾਦਲ ਦੀ 94 ਸਾਲਾ ਉਮਰ ਦੇ ਮੱਦੇਨਜ਼ਰ ਆਮ ਸਫ਼ਾਂ ’ਚ 2022 ਦੀ ਸੂਬਾਈ ਚੋਣ ਨਾ ਚੋਣ ਲੜਨ ਦੇ ਕਿਆਸ ਲੱਗਦੇ ਆ ਰਹੇ ਹਨ।
ਜੱਦੀ ਸੀਟ ਬਾਰੇ ਬਾਦਲਾਂ ਦੇ ਪੱਤੇ ਨਾ ਖੁੱਲ੍ਹਣ ਕਰਕੇ ਲੰਬੀ ਤੋਂ ਉਮੀਦਵਾਰ ਬਾਰੇ ਨਵੇਂ ਸਿਰਿਓਂ ਕਿਆਫ਼ਿਆਂ ਦਾ ਦੌਰ ਚੱਲ ਪਿਆ ਹੈ। ਸਿਆਸੀ ਮਾਹਿਰ ਵੀਆਈਪੀ ਹਲਕੇ ਤੋਂ ਅਕਾਲੀ ਦਲ ਵੱਲੋਂ ‘ਸੁਖਬੀਰ’, ‘ਬਾਬਾ’ (ਸਾਬਕਾ ਮੁੱਖ ਮੰਤਰੀ) ਜਾਂ ਦੋਵਾਂ ਵਿੱਚੋਂ ਕੌਣ ਹੋਵੇਗਾ, ਬਾਰੇ ਗਣਿਤ ਭਿੜਾਉਣ ਲੱਗੇ ਹਨ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਬਾਬਾ ਬਾਦਲ ਮੂਹਰੇ 22,770 ਦੇ ਵੱਡੇ ਫ਼ਰਕ ਨਾਲ ਸਿਆਸੀ ਹਾਰ ਚਖ ਚੁੱਕੇ ਹਨ। ਇਸ ਵਾਰ ਕਾਂਗਰਸ ਵੱਲੋਂ ਪ੍ਰਮੁੱਖ ਤੌਰ ’ਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੇ ਲੜਕੇ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਜਗਪਾਲ ਸਿੰਘ ਅਬੁੱਲਖੁਰਾਣਾ ਸਮੇਤ ਕਈ ਜਣੇ ਟਿਕਟ ਲਈ ਸਰਗਰਮ ਹਨ। ਫਤਹਿ ਸਿੰਘ ਬਾਦਲ ਦੀ ਕਾਂਗਰਸ ਦੀ ਕੇਂਦਰੀ ਹਾਈਕਮਾਨ ’ਚ ਕਾਫ਼ੀ ਸਾਂਝ ਦੱਸੀ ਜਾਂਦੀ ਹੈ। ‘ਆਪ’ ਵੱਲੋਂ ਇੱਥੋਂ ਹਾਲ ਦੀ ਘੜੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਵਜੋਂ ਉਤਾਰਨਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ।