ਸ਼ੈਲਰ ਮਾਲਕਾਂ ਵੱਲੋਂ ਉਦਯੋਗ ਠੱਪ ਕਰਨ ਦੀ ਚਿਤਾਵਨੀ

ਟਾਂਡਾ: ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਅੱਜ ਇਥੇ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਇਸ ਵਿੱਚ ਸੂਬਾ ਪ੍ਰਧਾਨ ਤਰਸੇਮ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਇਕੱਤਰ ਹੋਏ ਸਮੂਹ ਸ਼ੈਲਰ ਮਾਲਕਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਮਿਲਿੰਗ ਬਾਰੇ ਤਾਜ਼ਾ ਪ੍ਰਸਤਾਵਿਤ ਪਾਲਿਸੀ ਵਾਪਸ ਨਾ ਲਈ ਤਾਂ ਉਹ ਮਿਲਿੰਗ ਨਹੀਂ ਕਰਨਗੇ ਅਤੇ ਰੋਸ ਵਜੋਂ ਸੂਬੇ ਦੇ ਸ਼ੈਲਰ ਉਦਯੋਗ ਠੱਪ ਕਰ ਦੇਣਗੇ। ਜ਼ਿਲ੍ਹਾ ਪ੍ਰਧਾਨ ਅਜੀਤ ਨਰੰਗ, ਮਨਿੰਦਰਜੀਤ ਸਿੰਘ ਮਨੀ, ਪਰਮਜੀਤ ਸਿੰਘ ਮੋਤੀਆਂ ਅਤੇ ਸੁਭਾਸ਼ ਸੋਂਧੀ ਦੀ ਹਾਜ਼ਰੀ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਪਾਲਿਸੀ ਦੇ ਵਿਰੋਧ ਵਿੱਚ ਪੰਜਾਬ ਜਾਗੋ ਮੁਹਿੰਮ ਤਹਿਤ ਸੂਬਾ ਪ੍ਰਧਾਨ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਮਿਲਰਜ਼ ਦੀ ਸਕਿਉਰਿਟੀ ਦੇ ਵਰਤੇ 460 ਕਰੋੜ ਰੁਪਏ ਵੀ ਮਿਲਰਜ਼ ਨੂੰ ਵਾਪਸ ਕਰੇ ਅਤੇ ਇਸ ਬਾਬਤ ਪੰਜਾਬ ਕੈਬਨਿਟ ਵਿੱਚ ਬਕਾਇਦਾ ਫੈਸਲਾ ਹੋਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸੈਣੀ ਨੇ ਰੋਸ ਕੀਤਾਮਿਲਿੰਗ ਸਬੰਧੀ (ਚੌਲਾਂ ’ਤੇ) ਦਾਗ਼ੀ ਦਾਣੇ, ਚੌਲਾਂ ਦੀ ਟੁੱਟ, ਬਦਰੰਗ ਦਾਣੇ ਤੇ ਮੌਸਚਰ (ਸਿੱਲ੍ਹ) ਆਦਿ ਤੇ ਪੁਰਾਣੀਆਂ ਸ਼ਰਤਾਂ ਦੀ ਥਾਂ ਸਰਕਾਰ ਨਵੀਂਆਂ ਅਤੇ ਅਸੰਭਵ ਪ੍ਰਸਤਾਵਿਤ ਸ਼ਰਤਾਂ ਮੜ੍ਹਨ ਦੀਆਂ ਤਿਆਰੀਆਂ ਕਰੀ ਬੈਠੀ ਹੈ। ਇਸੇ ਦੌਰਾਨ ਅਮਰੀਕ ਸਿੰਘ ਗੱਗੀ ਨੂੰ ਜਥੇਬੰਦੀ ਦਾ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ।