ਪੰਜਵੀਂ ਦੇ ਪੇਪਰ ’ਚ ਸਰਕਾਰੀ ਇਸ਼ਤਿਹਾਰ ਪਾਉਣ ਦਾ ਵਿਰੋਧ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਦੋ-ਮਹੀਨਾ (ਬਾਈ ਮੰਥਲੀ) ਪ੍ਰੀਖਿਆਵਾਂ ਦੇ ਪਹਿਲੇ ਦਿਨ ਲਏ ਨੈਸ਼ਨਲ ਅਚੀਵਮੈਂਟ ਸਰਵੇ ਆਧਾਰਿਤ ਪੰਜਵੀਂ ਜਮਾਤ ਦੇ ਪ੍ਰਸ਼ਨ ਪੱਤਰ ਵਿੱਚ ਕਾਂਗਰਸ ਸਰਕਾਰ ਦੀਆਂ ਸਰਕਾਰੀ ਸਕੀਮਾਂ ਦਾ ਹੂ-ਬੁ-ਹੂ ਇਸ਼ਤਿਹਾਰ ਛਾਪਣ ਅਤੇ ਸਿੱਖਿਆ ਵਿਭਾਗ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਿੱਧੇ ਤੌਰ ’ਤੇ ਸਿਆਸੀ ਪ੍ਰਚਾਰ ਵਿੰਗ ਵਜੋਂ ਵਰਤੇ ਜਾਣ ਦਾ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖ਼ਤ ਵਿਰੋਧ ਕੀਤਾ ਹੈ।

ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਪਾਰਟੀ ਲਈ ਸਿਆਸੀ ਲਾਭ ਪਹੁੰਚਾਉਣ ਦਾ ਇੱਕ ਹੋਰ ਯਤਨ ਕਰਾਰ ਦਿੰਦਿਆਂ ਸਕੂਲ ਸਿੱਖਿਆ ਸਕੱਤਰ ਵੱਲੋਂ ਪਾਠਕ੍ਰਮ ਨੂੰ ਲਾਂਭੇ ਕਰਕੇ ਮਨਮਰਜ਼ੀ ਕਰਨ ਅਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਹਿੱਤ ਪੂਰਨ ਵਾਲਾ ਕਦਮ ਦੱਸਿਆ ਹੈ। ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਿਭਾਗ ਦੇ ਫੇਸਬੁੱਕ ਪੇਜ ਨੂੰ ਜਬਰੀ ਲਾਈਕ, ਕੁਮੈਂਟ ਅਤੇ ਸ਼ੇਅਰ ਕਰਨ ਅਤੇ ਹੋਰਾਂ ਤੋਂ ਕਰਵਾਉਣ ਦੇ ਹੁਕਮ ਚਾੜ੍ਹੇ ਗਏ ਗਏ ਸਨ। ਦੂਜੇ ਪਾਸੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ‘ਨੈਸ’ ਭਾਵ ਨੈਸ਼ਨਲ ਅਚੀਵਮੈਂਟ ਸਰਵੇ, ਜਿਸ ਤੋਂ ਸੂਬਿਆਂ ਦੀ ਸਿੱਖਿਆ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ, ਨੂੰ ਅਸਲ ਸਕੂਲੀ ਸਿੱਖਿਆ ਅਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ-ਖਾਤੇ ਪਾ ਕੇ ਗ਼ੈਰ-ਸੰਵਿਧਾਨਕ ਢਾਂਚੇ ਰਾਹੀਂ ਸਿਰਫ਼ ਝੂਠੇ ਅੰਕੜਿਆਂ ਦਾ ਜਾਲ ਬੁਣਿਆ ਜਾ ਰਿਹਾ ਹੈ, ਜਦਕਿ ਬੱਚਿਆਂ ਦੀ ਡੇਢ ਸਾਲ ਦੀ ਪੜ੍ਹਾਈ ਪਹਿਲਾਂ ਹੀ ਲੰਮਾ ਸਮਾਂ ਸਕੂਲ ਬੰਦ ਰਹਿਣ ਕਾਰਨ ਬਹੁਤ ਪੱਛੜ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਅੰਕੜਿਆਂ ਦੀ ਦੌੜ ਵਿੱਚ ਅੱਗੇ ਲੰਘਣ ਤੇ ਪੰਜਾਬ ਸਰਕਾਰ ਦਾ ਅਧਿਆਪਕਾਂ, ਬੇਰੁਜ਼ਗਾਰਾਂ ਅਤੇ ਹੋਰ ਹਿੱਸਿਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਢੱਕਣ ਲਈ ਅਫ਼ਸਰਸ਼ਾਹੀ ਵੱਲੋਂ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ।

Leave a Reply

Your email address will not be published. Required fields are marked *