ਹੱਕਾਨੀ ਨਾਲ ਤਲਖ਼ਕਲਾਮੀ ਮਗਰੋਂ ਬਰਾਦਰ ਕੰਧਾਰ ਭੱਜਿਆ

ਨਵੀਂ ਦਿੱਲੀ: ਅਫ਼ਗਾਨਿਸਤਾਨ ’ਚ ਤਾਲਿਬਾਨ ਜਥੇਬੰਦੀ ਦੀ ਨਵੀਂ ਸਰਕਾਰ ਦੇ ਗਠਨ ’ਤੇ ਪਿਛਲੇ ਹਫ਼ਤੇ ਤਾਲਿਬਾਨ ਨੇਤਾਵਾਂ ਵਿਚਕਾਰ ਵੱਡਾ ਵਿਵਾਦ ਛਿੜ ਗਿਆ ਹੈ ਅਤੇ ਮੁੱਲਾ ਬਰਾਦਰ ਦੇ ਕਾਬੁਲ ਛੱਡ ਕੇ ਕੰਧਾਰ ਚਲੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਬੀਬੀਸੀ ਨੇ ਇੱਕ ਰਿਪੋਰਟ ’ਚ ਦੱਸਿਆ ਕਿ ਰਾਸ਼ਟਰਪਤੀ ਭਵਨ ਵਿੱਚ ਜਥੇਬੰਦੀ ਦੇ ਸਹਿ-ਸੰਸਥਾਪਕ ਮੁੱਲ੍ਹਾ ਅਬਦੁੱਲ ਗਨੀ ਬਰਾਦਰ ਅਤੇ ਇੱਕ ਕੈਬਨਿਟ ਮੈਂਬਰ ਵਿਚਕਾਰ ਤਲਖ਼-ਕਲਾਮੀ ਹੋਈ ਸੀ। ਹਾਲੀਆ ਦਿਨਾਂ ’ਚ ਬਰਾਦਰ ਦੇ ਜਨਤਕ ਤੌਰ ’ਤੇ ਦਿਖਾਈ ਨਾ ਦੇਣ ਕਾਰਨ ਤਾਲਿਬਾਨ ਲੀਡਰਸ਼ਿਪ ’ਚ ਅਸਹਿਮਤੀ ਦੀਆਂ ਅਪੁਸ਼ਟ ਰਿਪੋਰਟਾਂ ਮਿਲ ਰਹੀਆਂ ਹਨ।

ਤਾਲਿਬਾਨ ਦੇ ਇੱਕ ਸੂਤਰ ਨੇ ਬੀਬੀਸੀ ਪਸ਼ਤੋ ਨੂੰ ਦੱਸਿਆ ਕਿ ਬਰਾਦਰ ਅਤੇ ਸ਼ਰਨਾਰਥੀਆਂ ਬਾਰੇ ਮੰਤਰੀ ਖਲੀਲ ਉਰ-ਰਹਿਮਾਨ ਹੱਕਾਨੀ, ਜੋ ਕਿ ਦਹਿਸ਼ਤਗਰਦ ਗੁੱਟ ਹੱਕਾਨੀ ਨੈੱਟਵਰਕ ਦਾ ਅਹਿਮ ਆਗੂ ਹੈ, ਵਿਚਕਾਰ ਭਖਵੀਂ ਬਹਿਸ ਹੋ ਗਈ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ। ਤਾਲਿਬਾਨ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਰਾਦਰ ਕਾਬੁਲ ਛੱਡ ਕੇ ਕੰਧਾਰ ਚਲਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਨਵੇਂ ਉਪ ਪ੍ਰਧਾਨ ਮੰਤਰੀ ਬਰਾਦਰ ਆਪਣੀ ਅੰਤਰਿਮ ਸਰਕਾਰ ਦੇ ਢਾਂਚੇ ਤੋਂ ਖੁਸ਼ ਨਹੀਂ ਸਨ, ਜਿਸ ਨੂੰ ਲੈ ਕੇ ਬਹਿਸ ਹੋ ਗਈ। ਸੂਤਰਾਂ ਨੇ ਬਰਾਦਰ ਦੇ ਕਾਬੁਲ ਮੁੜਨ ਦੀ ਸੰਭਾਵਨਾ ਪ੍ਰਗਟਾਈ ਹੈ। 

Leave a Reply

Your email address will not be published. Required fields are marked *