ਕੈਨੇਡਾ ’ਚ ਮੱਧਕਾਲੀ ਸੰਸਦੀ ਚੋਣਾਂ ਭਲਕੇ

ਬਰੈਂਪਟਨ: ਵੀਹ ਸਤੰਬਰ ਨੂੰ ਕੈਨੇਡਾ ਵਿਚ ਹੋ ਰਹੀਆਂ ਸੰਸਦ ਦੀਆਂ ਮੱਧਕਾਲੀ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਤੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ 16 ਦੇ ਕਰੀਬ ਸਰਵੇਖਣ ਏਜੰਸੀਆਂ ਅਨੁਸਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ। ਇਨ੍ਹਾਂ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਨੂੰ ਹੋਰਨਾਂ ਤੋਂ ਅੱਗੇ ਦਿਖਾਇਆ ਜਾ ਰਿਹਾ ਹੈ ਪਰ ਸਰਵੇਖਣ ਇਸ ਪਾਰਟੀ ਨੂੰ ਵੀ ਬਹੁਮਤ ਤੋਂ 10 ਸੀਟਾਂ ’ਤੇ ਹੇਠਾਂ ਖੜ੍ਹੀ ਦਿਖਾ ਰਹੇ ਹਨ, ਭਾਵ ਜੇ ਲਿਬਰਲ ਘੱਟਗਿਣਤੀ ਸਰਕਾਰ ਕੋਲ 157 ਸੀਟਾਂ ਸਨ ਤੇ ਉਹ ਵੱਧ ਕੇ 161 ਹੋ ਸਕਦੀਆਂ ਹਨ। ਪਾਰਲੀਮੈਂਟ ਦੀਆਂ ਕੁੱਲ ਸੀਟਾਂ 338 ਹਨ ,ਜਿਨ੍ਹਾਂ ਵਿੱਚੋਂ ਬਹੁਮਤ ਲਈ 171 ਸੀਟਾਂ ਦੀ ਲੋੜ ਹੈ। ਇਸ ਦੇ ਮੁਕਾਬਲੇ ’ਤੇ ਚੱਲ ਰਹੀ ਕੰਜ਼ਰਵੇਟਿਵ ਪਾਰਟੀ ਵੀ ਪਿਛਲੀ ਟਰਮ ਨਾਲੋਂ ਕਾਫ਼ੀ ਮਜ਼ਬੂਤ ਦੱਸੀ ਜਾ ਰਹੀ ਹੈ। ਲਿਬਰਲ ਪਾਰਟੀ ਇਸ ਵਾਰ 337 ਸੀਟਾਂ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਦਾ ਇਕ ਉਮੀਦਵਾਰ ਰਾਜ ਸੈਣੀ ਕਿਚਨਰ ਸੀਟ ਤੋਂ ਪਿੱਛੇ ਹਟ ਗਿਆ ਹੈ, ਹੁਣ ਉੱਥੇ ਮੁਕਾਬਲਾ ਕੰਜ਼ਰਵੇਟਿਵ ਤੇ ਐੱਨਡੀਪੀ ਵਿਚਕਾਰ ਹੋ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ 336 ਉਮੀਦਵਾਰ ਮੈਦਾਨ ਵਿੱਚ ਹਨ। ਇਸ ਪਾਰਟੀ ਦੇ 2 ਉਮੀਦਵਾਰ ਚੋਣ ਮੈਦਾਨ ਛੱਡ ਗਏ ਹਨ। ਹਾਲ ਹੀ ਵਿੱਚ ਆਏ ਸਰਵੇਖਣ ਅਨੁਸਾਰ ਲਿਬਰਲ ਪਾਰਟੀ 34 ਫੀਸਦੀ, ਕੰਜ਼ਰਵੇਟਿਵ 30 ਫੀਸਦੀ, ਐੱਨਡੀਪੀ 18 ਫੀਸਦੀ, ਪੀਪਲਜ਼ ਪਾਰਟੀ 8 ਫੀਸਦੀ, ਕਿਊਬਕ ਬਲਾਕ ਪਾਰਟੀ 6 ਫੀਸਦ ਉਤੇ ਖੜ੍ਹੀ ਦਿਖਾਈ ਗਈ ਹੈ। ਸੋ ਇਨ੍ਹਾਂ ਸਰਵੇਖਣਾਂ ਅਨੁਸਾਰ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ, ਪੀਪਲਜ਼ ਪਾਰਟੀ, ਕਿਊਬਕ ਬਲਾਕ ਪਾਰਟੀ ਅੱਗੇ ਪਿੱਛੇ ਦਿਖਾਏ ਜਾ ਰਹੇ ਹਨ। ਬਰੈਂਪਟਨ ਅਤੇ ਮਿਸੀਸਾਗਾ ਜੋ ਕਿ ਪੰਜਾਬੀਆਂ ਦੇ ਗੜ੍ਹ ਹਨ, ਦੀਆਂ 11 ਸੀਟਾਂ ਲਈ ਚੋਣ ਸਰਵੇਖਣ ਲਿਬਰਲ ਪਾਰਟੀ ਨੂੰ 48.7 ਫੀਸਦੀ, ਕੰਜ਼ਰਵੇਟਿਵ ਨੂੰ 32.7 ਫੀਸਦੀ, ਐੱਨਡੀਪੀ ਨੂੰ 21.5 ਫੀਸਦੀ ਵੋਟਾਂ ਦੇ ਰਹੇ ਹਨ।

ਪੰਜਾਬੀਆਂ ਵਿਚਾਲੇ ਹੀ ਹੋਵੇਗਾ ਕਈ ਥਾਈਂ ਮੁਕਾਬਲਾ

ਭਾਰਤੀ ਮੂਲ ਦੇ 49 ਉਮੀਦਵਾਰ ਮੈਦਾਨ ’ਚ ਹਨ। 16 ਉਮੀਦਵਾਰ ਕੰਜ਼ਰਵੇਟਿਵ, 15 ਟਰੂਡੋ ਦੀ ਲਿਬਰਲ ਪਾਰਟੀ, 12 ਜਗਮੀਤ ਸਿੰਘ ਦੀ ਐਨਡੀਪੀ ਤੇ ਛੇ ਜਣੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਪਿਛਲੀਆਂ ਚੋਣਾਂ ਵਿਚ 19 ਪੰਜਾਬੀ ਸੰਸਦ ਮੈਂਬਰ ਬਣੇ ਸਨ। ਇਨ੍ਹਾਂ ਵਿਚੋਂ ਚਾਰ ਕੈਬਨਿਟ ਮੰਤਰੀ ਬਣ ਗਏ ਸਨ। ਤਿੰਨ ਕੈਬਨਿਟ ਮੰਤਰੀ ਹਰਜੀਤ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਵੀ ਚੋਣ ਲੜ ਰਹੇ ਹਨ। ਟੋਰਾਂਟੋ ਤੇ ਵੈਨਕੂਵਰ ਵਿਚ ਕਈ ਥਾਈਂ ਮੁਕਾਬਲਾ ਪੰਜਾਬੀਆਂ ਵਿਚਾਲੇ ਹੀ ਹੈ। 

Leave a Reply

Your email address will not be published. Required fields are marked *