ਜਥੇਦਾਰ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਅਨੰਦਪੁਰ ਸਾਹਿਬ: ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਜਿੱਥੇ ਸੰਗਤ ਨੇ ਤਖਤਾਂ ਦੇ ਜਥੇਦਾਰਾਂ ਤੋਂ ਅਸਤੀਫੇ ਮੰਗਣੇ ਸ਼ੁਰੂ ਕਰ ਦਿੱਤੇ ਹਨ ਉੱਥੇ ਹੀ ਹੁਣ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰ ਮੜ੍ਹਦਿਆਂ ਕਮੇਟੀ ਮੈਂਬਰਾਂ ਨੂੰ ਘੁਰਕੀ ਹੀ ਨਹੀਂ ਮਾਰੀ ਸਗੋਂ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਵੀ ਲਗਾ ਦਿੱਤਾ ਹੈ।

ਬੀਤੇ ਦਿਨੀਂ ਇੰਗਲੈਂਡ ਦੌਰੇ ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਦੀ ਘਟਨਾ ਦੀ ਨਿਖੇਧੀ ਕੀਤੀ ਅਤੇ ਪੁਲੀਸ ਨੂੰ ਨਿਰਪੱਖਤਾ ਨਾਲ ਘਟਨਾ ਦੀ ਜਾਂਚ ਕਰਨ ਲਈ ਕਿਹਾ। ਸੰਗਤ ਵੱਲੋਂ ਜਥੇਦਾਰ ਰਘਬੀਰ ਸਿੰਘ ਦਾ ਅਸਤੀਫਾ ਮੰਗਣ ਸਬੰਧੀ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ।

ਕਮੇਟੀ ਮੈਂਬਰਾਂ ਨੇ ਜਥੇਦਾਰ ਦੇ ਬਿਆਨ ’ਤੇ ਜਤਾਇਆ ਇਤਰਾਜ਼

ਆਨੰਦਪੁਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਉਹ ਤਾਂ ਬੀਤੇ ਕਈ ਦਿਨਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਸੰਗਤ ਵਿੱਚ ਹੀ ਮੌਜੂਦ ਹਨ ਪਰ ਜਥੇਦਾਰ ਸਾਹਿਬ ਇੰਗਲੈਂਡ ਦੌਰੇ ’ਤੇ ਗਏ ਹੋਏ ਸਨ। ਇਸੇ ਤਰ੍ਹਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਾ ਹੋਣ ਕਰਕੇ ਅਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਹੀ ਮੈਂਬਰ ਨਹੀਂ ਸਗੋਂ ਹੋਰ ਇਲਾਕਿਆਂ ਦੇ ਮੈਂਬਰ ਵੀ 13 ਸਤੰਬਰ ਤੋਂ ਰੋਜ਼ਾਨਾ ਤਖਤ ਸਾਹਿਬ ਮੌਜੂਦ ਰਹਿੰਦੇ ਹਨ।

Leave a Reply

Your email address will not be published. Required fields are marked *