ਹਥਿਆਰਬੰਦ ਲੁਟੇਰਿਆਂ ਵੱਲੋਂ ਜਿਊਲਰਜ਼ ਦੇ ਘਰ ਲੁੱਟ ਦੀ ਕੋਸ਼ਿਸ਼ ਦੌਰਾਨ ਇਕ ਦੀ ਮੌਤ

ਕੀਰਤਪੁਰ ਸਾਹਿਬ: ਐਤਵਾਰ ਰਾਤ ਕਰੀਬ 9 ਵਜੇ ਸ੍ਰੀ ਕੀਰਤਪੁਰ ਸਾਹਿਬ ਦੇ ਮੇਨ ਬਾਜ਼ਾਰ ਵਿਖੇ ਸਥਿਤ ਸਪਨਾ ਜਿਊਲਰਜ਼ ਦੇ ਮਾਲਕ ਦੇ ਘਰ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਲੁੱਟ-ਖੋਹ ਕਰਨ ਲਈ ਆਏ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਕਾਰਨ ਜਿਊਲਰ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਲੋਕਾਂ ਵਲੋਂ ਕਾਬੂ ਕੀਤੇ ਇਕ ਲੁਟੇਰੇ ਦੀ ਹਸਪਤਾਲ ਵਿਖੇ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਦਿੰਦਿਆਂ ਨੈਂਸੀ ਸੋਨੀ ਨੇ ਦੱਸਿਆ ਕਿ ਉਸਦਾ ਸਹੁਰਾ ਰਜਿੰਦਰ ਕੁਮਾਰ ਸੋਨੀ ਅਤੇ ਸੱਸ ਘਰ ‘ਚ ਨਹੀਂ ਸਨ। ਉਹ ਅਤੇ ਉਸਦਾ ਪਤੀ ਅੰਕਿਤ ਸੋਨੀ ਅਤੇ ਉਸਦੇ ਬੱਚੇ ਘਰ ‘ਚ ਸਨ। ਇਸ ਦੌਰਾਨ ਕਰੀਬ ਰਾਤ 9 ਵਜੇ ਤਿੰਨ ਵਿਅਕਤੀ ਘਰ ਦਾਖਲ ਹੋਏ ਅਤੇ ਉਨ੍ਹਾਂ ਦਾ ਇੱਕ ਸਾਥੀ ਬਾਹਰ ਕਾਰ ਵਿਚ ਬੈਠਾ ਸੀ। ਲੁਟੇਰਿਆਂ ਨੇ ਸਾਰੇ ਪਰਿਵਾਰ ਨੂੰ ਅਸਲੇ ਦੀ ਨੋਕ ’ਤੇ ਬੰਦੀ ਬਣਾ ਕੇ ਇੱਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸਦੇ ਪਤੀ ਅੰਕਿਤ ਸੋਨੀ ਨੂੰ ਦੂਸਰੇ ਕਮਰੇ ਵਿਚ ਲੈ ਗਏ ਜਿੱਥੇ ਗਹਿਣੇ ਪਏ ਹੋਏ ਸਨ। ਜਦੋਂ ਮੇਰੇ ਪਤੀ ਨੇ ਵਿਰੋਧ ਕੀਤਾ ਤਾਂ ਇੱਕ ਲੁਟੇਰੇ ਨੇ ਮੇਰੇ ਪਤੀ ’ਤੇ ਗੋਲੀ ਚਲਾ ਦਿੱਤੀ, ਜੋ ਕਿ ਉਸਦੇ ਪੱਟ ਵਿਚ ਲੱਗੀ। ਮੇਰੇ ਪਤੀ ਵੱਲੋਂ ਵੀ ਗੋਲੀ ਚਲਾਈ ਗਈ, ਜਿਸ ਕਾਰਨ ਲੁਟੇਰੇ ਭੱਜ ਨਿਕਲੇ। ਇਸ ਦੌਰਾਨ ਗੋਲੀ ਦੀ ਅਾਵਾਜ਼ ਸੁਣ ਕੇ ਬਾਹਰ ਲੋਕ ਇਕੱਠਾ ਹੋ ਗਏ ਅਤੇ ਉਨ੍ਹਾਂ ਨੇ ਇੱਕ ਲੁਟੇਰੇ ਨੂੰ ਫੜ੍ਹ ਲਿਆ, ਜਦਕਿ ਤਿੰਨ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ। ਲੋਕਾਂ ਵੱਲੋਂ ਫੜੇ ਗਏ ਲੁਟੇਰੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ।

Leave a Reply

Your email address will not be published. Required fields are marked *