ਪਹਿਰਾ ਦੇ ਰਹੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ

ਮੱਖੂ : ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡਾਂ ਵਿੱਚ ਲਗਾਏ ਜਾ ਰਹੇ ਨਾਕਿਆਂ ਦੇ ਮਾੜੇ ਨਤੀਜੇ ਪਹਿਰਾ ਦੇਣ ਵਾਲਿਆਂ ਤੇ ਰਾਹਗੀਰਾਂ ਵਿੱਚ ਬਹਿਜ਼ਬਾਜ਼ੀ ਨਾਲ ਹੀ ਆਉਣੇ ਸ਼ੁਰੂ ਹੋ ਗਏ ਸਨ। ਸਮਾਜਕ ਚਿੰਤਕਾਂ ਨੇ ਇਸ ਪੱਖ ’ਤੇ ਚਿੰਤਾ ਪ੍ਰਗਟਾ ਕੇ ਸਰਕਾਰ, ਪ੍ਰਸਾਸ਼ਨ ਤੇ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਤਾਜ਼ਾ ਘਟਨਾ ਵਿੱਚ ਪਿੰਡ ਘੁਦੂਵਾਲੇ ਤੋਂ ਕਿਲੀ ਬੋਦਲਾਂ ਨੂੰ ਆ ਰਹੇ ਰਸਤੇ ’ਤੇ ਬੀਤੀ ਰਾਤ ਠੀਕਰੀ ਪਹਿਰੇ ਦੇ ਰਹੇ ਨੌਜਵਾਨਾਂ ਨੇ ਜਦ ਦੋ ਅਣਪਛਾਤੇ ਵਿਅਕਤੀਆਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਕਰੋਨਾਵਾਇਰਸ ਕਾਰਨ ਪਿੰਡ ਦੇ ਨੌਜਵਾਨਾਂ ਨੇ ਪ੍ਰਸ਼ਾਸਨ ਦੇ ਹੁਕਮਾਂ ’ਤੇ ਪਿੰਡ ’ਚ ਬਾਹਰੋਂ ਆਉਣ ਵਾਲੇ ਸ਼ੱਕੀ ਲੋਕਾਂ ਦੀ ਪੁੱਛ-ਪੜਤਾਲ ਲਈ ਪਹਿਰਾ ਲਾਇਆ ਹੋਇਆ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਜਬਰੀ ਪਿੰਡ ਵਿੱਚ ਦਾਖਲ ਹੋ ਕੇ ਪਿੰਡ ਦੇ ਇੱਕ ਘਰ ਜਾਣ ਲੱਗੇ। ਜਦੋਂ ਪਹਿਰਾ ਦੇ ਰਹੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜੱਜ ਸਿੰਘ ਦੀ ਮੌਤ ਹੋ ਗਈ ਤੇ ਜਗਜੀਤ ਸਿੰਘ ਜ਼ਖ਼ਮੀ ਹੋ ਗਿਆ। ਪਿੰਡ ਦੇ ਜਿਸ ਘਰ ਵਿੱਚ ਇਹ ਅਣਪਛਾਤੇ ਵਿਅਕਤੀ ਜਾਣ ਦੀ ਕੋਸ਼ਿਸ਼ ਵਿੱਚ ਸਨ, ਉਸ ਪਰਿਵਾਰ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।