ਨਿੱਜੀ ਜੈੱਟ ਦੀ ਸਵਾਰੀ, ਮੁੱਖ ਮੰਤਰੀ ’ਤੇ ਪਈ ਭਾਰੀ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਾਈਵੇਟ ਜੈੱਟ ਦੀ ਪਹਿਲੀ ਯਾਤਰਾ ਤੋਂ ਹੀ ਨਿਸ਼ਾਨੇ ’ਤੇ ਆ ਗਏ ਹਨ। ਸ੍ਰੀ ਚੰਨੀ ਨੇ ਅੱਜ ਬਤੌਰ ਮੁੱਖ ਮੰਤਰੀ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਆਪਣੀ ਪਹਿਲੀ ਯਾਤਰਾ ਕਰੀਬ 73 ਕਰੋੜ ਕੀਮਤ ਦੇ ਵਿਸ਼ੇਸ਼ ਚਾਰਟਰਡ ਜੈੱਟ ਵਿਚ ਕੀਤੀ। ਅੱਜ ਦੁਪਹਿਰ ਵੇਲੇ ਮੁੱਖ ਮੰਤਰੀ ਚੰਨੀ ਮੰਤਰੀ ਮੰਡਲ ਵਿਚ ਵਿਸਥਾਰ ’ਤੇ ਚਰਚਾ ਕਰਨ ਲਈ ਨਵੀਂ ਦਿੱਲੀ ਲਈ ਪ੍ਰਾਈਵੇਟ ਜੈੱਟ ਵਿਚ ਰਵਾਨਾ ਹੋਏ। ਉਨ੍ਹਾਂ ਨਾਲ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਵੀ ਗਏ ਹਨ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੀ ਪਲੇਠੀ ਪ੍ਰੈਸ ਵਾਰਤਾ ਵਿਚ ਆਪਣੇ ਆਪ ਨੂੰ ਆਮ ਆਦਮੀ ਦੱਸਦੇ ਹੋਏ ‘ਆਮ ਆਦਮੀ ਦੀ ਸਰਕਾਰ’ ਆਖ ਕੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ। ਉਨ੍ਹਾਂ ਆਪਣੇ ਆਪ ਨੂੰ ਰਿਕਸ਼ਾ ਚਲਾਉਣ ਵਾਲਿਆਂ ਦਾ ਨੁਮਾਇੰਦਾ ਵੀ ਦੱਸਿਆ ਸੀ। ਅੱਜ ਜਦੋਂ ਉਹ ਵਿਸ਼ੇਸ਼ ਚਾਰਟਰਡ ਜੈੱਟ ’ਚ ਦਿੱਲੀ ਲਈ ਰਵਾਨਾ ਹੋਏ ਤਾਂ ਵਿਰੋਧੀ ਧਿਰਾਂ ਨੇ ਉਨ੍ਹਾਂ ਦੀ ਸਿਆਸੀ ਤੌਰ ’ਤੇ ਘੇਰਾਬੰਦੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬ੍ਰਾਜ਼ੀਲੀਅਨ ਕੰਪਨੀ ਦਾ ਇਸ ਜੈੱਟ ਵਿਚ 7 ਤੋਂ 11 ਯਾਤਰੀ ਬੈਠ ਸਕਦੇ ਹਨ।

ਪ੍ਰਾਈਵੇਟ ਜੈੱਟ ਦਾ ਖ਼ਰਚਾ ਕੌਣ ਚੁੱਕੇਗਾ, ਪੰਜਾਬ ਸਰਕਾਰ ਜਾਂ ਨਿੱਜੀ ਤੌਰ ’ਤੇ ਮੁੱਖ ਮੰਤਰੀ, ਇਸ ਦਾ ਭੇਤ ਬਣਿਆ ਹੋਇਆ ਹੈ। ਅੱਜ ਪ੍ਰਾਈਵੇਟ ਜੈੱਟ ਦੀ ਵਰਤੋਂ ਦਾ ਮਾਮਲਾ ਉਦੋਂ ਸੁਰਖ਼ੀਆਂ ਵਿੱਚ ਆ ਗਿਆ ਜਦੋਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰ ਕੇ ਪ੍ਰਾਈਵੇਟ ਜੈੱਟ ਦੀ ਤਸਵੀਰ ਵੀ ਸਾਂਝੀ ਕਰ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਉਨ੍ਹਾਂ ਨੇ ਡਿਊਟੀ ਸਾਂਭ ਲਈ ਹੈ। ਸ੍ਰੀ ਸਿੱਧੂ ਦੇ ਟਵੀਟ ਨਾਲ ਮੁੱਖ ਮੰਤਰੀ ਚੰਨੀ ਨੂੰ ਵਿਰੋਧੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਪਣਾ ਹੈਲੀਕਾਪਟਰ ਮੌਸਮ ਦੀ ਖ਼ਰਾਬੀ ਕਰ ਕੇ ਵਰਤਿਆ ਨਹੀਂ ਜਾ ਸਕਿਆ। ਵਿਰੋਧੀ ਆਖਦੇ ਹਨ ਕਿ ਜਦੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਹੋਰ ਉਡਾਣਾਂ ਮੌਜੂਦ ਸਨ ਤਾਂ ਪ੍ਰਾਈਵੇਟ ਜੈੱਟ ਦੀ ਵਰਤੋਂ ਕਿਉਂ।  ਸਾਂਝਾ ਸੁਨਹਿਰਾ ਪੰਜਾਬ ਮੰਚ ਦੇ ਕੇਸੀ ਸਿੰਘ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਪੰਜਾਬ ਹੁਣ ਗ਼ਰੀਬ ਸੂਬਾ ਹੈ ਜਿਸ ’ਤੇ ਅਜਿਹਾ ਕਰ ਕੇ ਵਾਧੂ ਬੋਝ ਪਾਇਆ ਗਿਆ ਹੈ ਜਦੋਂਕਿ ਦਿੱਲੀ ਤਕ ਕਾਰ ਰਸਤੇ ਵੀ ਜਾਇਆ ਜਾ ਸਕਦਾ ਸੀ।

ਜੈੱਟ ਦੀ ਸਵਾਰੀ ਲਈ ਖ਼ਜ਼ਾਨਾ ਖਾਲੀ ਨਹੀਂ ?

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸਰਕਾਰੀ ਸਕੀਮਾਂ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਤਾਂ ਖਜ਼ਾਨਾ ਖਾਲੀ ਹੈ ਪਰ ਮਹਿੰਗਾ ਹਵਾਈ ਜਹਾਜ਼ ਵਰਤਣ ਲਈ ਪੈਸੇ ਦੀ ਘਾਟ ਨਹੀਂ। ਜਿਵੇਂ ਬਾਦਲਾਂ ਨੇ ਨਿੱਜੀ ਕੰਮਾਂ ਲਈ ਸਰਕਾਰੀ ਹੈਲੀਕਾਪਟਰ ਵਰਤਿਆ ਸੀ, ਉਵੇਂ ਹੁਣ ਹਰੀਸ਼ ਰਾਵਤ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਪਣੀਆਂ ‘ਸ਼ਾਹੀ ਆਦਤਾਂ’ ਨਹੀਂ ਛੱਡ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਚੰਨੀ ਨੇ ਰੇਤ ਮਾਫ਼ੀਆ ਦੀਆਂ ਲਗਾਮਾਂ ਕੱਸਣ ਦੀ ਥਾਂ ਹੋਰ ਢਿੱਲੀਆਂ ਕਰ ਦਿੱਤੀਆਂ ਹਨ। ਚੀਮਾ ਨੇ ਕਿਹਾ ਕਿ ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ ’ਚੋਂ ਮੁਫ਼ਤ ਰੇਤ ਕੱਢ ਕੇ ਵੇਚਣ ਦੀ ਮਨਜ਼ੂਰੀ ਦੇਣਾ ਗਲਤ ਹੈ। ਇਸ ਨਾਲ ਸਰਕਾਰ ਦੇ ਰਹਿੰਦੇ ਚਾਰ-ਪੰਜ ਮਹੀਨਿਆਂ ’ਚ ਰੇਤ ਮਾਫੀਆ ਜ਼ਮੀਨ ਮਾਲਕਾਂ ਦੀ ਆੜ ’ਚ ਜਿੰਨੀ ਮਰਜ਼ੀ ਨਾਜਾਇਜ਼ ਮਾਈਨਿੰਗ ਕਰ ਸਕਦਾ ਹੈ।  ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ 15 ਫ਼ੀਸਦੀ ਵਾਧੇ ਦਾ ਐਲਾਨ ਤਾਂ ਕਰ ਦਿੱਤਾ ਗਿਆ ਪਰ 2016 ਤੋਂ ਜੂਨ 2021 ਤੱਕ ਦੇ ਬਣਦੇ ਲੱਖਾਂ ਬਕਾਏ ਗੋਲਮੋਲ ਕਰ ਦਿੱਤੇ ਗਏ ਹਨ।  

ਖ਼ਜ਼ਾਨੇ ’ਤੇ ਨਾਜਾਇਜ਼ ਭਾਰ ਪਾਇਆ: ਬਰਾੜ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਪਹਿਲੀ ਕੈਬਨਿਟ ਮੌਕੇ ਹੈਲੀਕਾਪਟਰ ਦੀ ਘੱਟੋ-ਘੱਟ ਵਰਤੋਂ ਦੀ ਗੱਲ ਕਰਦਿਆਂ ਵੀਆਈਪੀ ਕਲਚਰ ਦੇ ਖ਼ਾਤਮੇ ਦੀ ਗੱਲ ਕੀਤੀ ਸੀ ਪਰ ਮੁੱਖ ਮੰਤਰੀ ਪ੍ਰਾਈਵੇਟ ਜੈੱਟ ਦੀ ਸਵਾਰੀ ਕਰ ਕੇ ਸਰਕਾਰੀ ਖ਼ਜ਼ਾਨੇ ’ਤੇ ਨਾਜਾਇਜ਼ ਖ਼ਰਚਾ ਪਾ ਰਹੇ ਹਨ।

Leave a Reply

Your email address will not be published. Required fields are marked *