ਪੀਆਰਟੀਸੀ ਬੱਸਾਂ ਤੋਂ ‘ਅਮਰਿੰਦਰ’ ਦੇ ਇਸ਼ਤਿਹਾਰੀ ਪੋੋਸਟਰ ਹਟਾਏ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਵਾਲੇ ਇਸ਼ਤਿਹਾਰੀ ਪੋਸਟਰਾਂ ਨੂੰ ਹਟਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਪਹਿਲੇ ਪੜਾਅ ਵਿੱਚ ਅੱਜ ਪੀਆਰਟੀਸੀ ਦੀਆਂ ਕਰੀਬ ਇੱਕ ਹਜ਼ਾਰ ਸਰਕਾਰੀ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਪੋਸਟਰ ਹਟਾ ਦਿੱਤੇ ਗਏ ਹਨ। ਦੂਜੇ ਪੜਾਅ ਤਹਿਤ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਪੋਸਟਰ ਹਟਾਏ ਜਾਣੇ ਹਨ। ਇਸੇ ਤਰ੍ਹਾਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਸੰਪਤੀ ’ਤੇ ਲੱਗੇ ਸਰਕਾਰੀ ਫਲੈਕਸਾਂ ’ਚੋਂ ਵੀ ਅਮਰਿੰਦਰ ਦੀ ਤਸਵੀਰ ਹਟਾਈ ਜਾਵੇਗੀ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੀਆਰਟੀਸੀ ਨੂੰ 20 ਸਤੰਬਰ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਪੀਆਰਟੀਸੀ ਦੀਆਂ ਬੱਸਾਂ ’ਤੇ ਚੱਲ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਵਾਲੇ ਪ੍ਰਚਾਰ ਨੂੰ ਤੁਰੰਤ ਹਟਾ ਦਿੱਤਾ ਜਾਵੇ। ਇਨ੍ਹਾਂ ਹੁਕਮਾਂ ਤੋਂ ਫੌਰੀ ਮਗਰੋਂ ਹਰਕਤ ਵਿੱਚ ਆਉਂਦਿਆਂ ਪੀਆਰਟੀਸੀ ਨੇ ਪ੍ਰਾਈਵੇਟ ਕੰਪਨੀ ਮੈਸਰਜ਼ ਪ੍ਰੋਐਕਟਿਵ ਇਨ ਐਂਡ ਆਊਟ ਐਡਵਰਟਾਈਜ਼ਿੰਗ ਪ੍ਰਾਈਵੇਟ ਲਿਮਟਿਡ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਬਿਨਾਂ ਦੇਰੀ ਤੋਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਪੋਸਟਰ ਹਟਾ ਦਿੱਤੇ ਜਾਣ। ਸੰਸਦ ਮੈਂਬਰ ਪਰਨੀਤ ਕੌਰ ਦੇ ਐਨ ਨੇੜਲੇ ਕੇ.ਕੇ.ਸ਼ਰਮਾ ਇਸ ਵੇਲੇ ਪੀਆਰਟੀਸੀ ਦੇ ਚੇਅਰਮੈਨ ਹਨ। ਪੀਆਰਟੀਸੀ ਦੇ ਪੀਆਰਓ ਦੇ ਹੁਕਮਾਂ ਮਗਰੋਂ ਪ੍ਰਾਈਵੇਟ ਕੰਪਨੀ ਨੇ ਹੱਥੋ-ਹੱਥ ਅਮਰਿੰਦਰ ਦੇ ਚਿਹਰੇ ਵਾਲੇ ਪੋਸਟਰ ਹਟਾ ਦਿੱਤੇ ਹਨ। ਇੱਕ ਅਧਿਕਾਰੀ ਨੇ ਇਸ ਪੂਰੇ ਅਮਲ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਏਨੀ ਜਲਦੀ ਤਾਂ ਬਾਦਲ ਦੇ ਚਿਹਰੇ ਵਾਲੇ ਪੋਸਟਰ ਵੀ ਨਹੀਂ ਹਟਾਏ ਗਏ ਸਨ, ਜਿੰਨੀ ਫੁਰਤੀ ਹੁਣ ਦਿਖਾਈ ਗਈ ਹੈ।’ ਦੱਸਣਯੋਗ ਹੈ ਕਿ ਪੀਆਰਟੀਸੀ ਵੱਲੋਂ ਸਰਕਾਰੀ ਬੱਸਾਂ ’ਤੇ ਇਸ਼ਤਿਹਾਰੀ ਪੋਸਟਰ ਲਾਏ ਜਾਣ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੋਇਆ ਹੈ ਅਤੇ ਸਰਕਾਰੀ ਬੱਸਾਂ ’ਤੇ ਸਰਕਾਰੀ ਸਕੀਮਾਂ ਦੀ ਮਸ਼ਹੂਰੀ ਵਾਲੇ ਪੋਸਟਰ ਲੱਗੇ ਹੋਏ ਸਨ। ਉਧਰ ਪੰਜਾਬ ਰੋਡਵੇਜ਼ ਕੋਲ 1500 ਦੇ ਕਰੀਬ ਬੱਸਾਂ ਹਨ, ਜਿਨ੍ਹਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਮਸ਼ਹੂਰੀ ਪੋਸਟਰ ਲੱਗੇ ਹੋਏ ਹਨ। ਪਤਾ ਲੱਗਾ ਹੈ ਕਿ ਸਰਕਾਰ ਨੇ ਅਜੇ ਤੱਕ ਪੰਜਾਬ ਰੋਡਵੇਜ਼ ਨੂੰ ਅਜਿਹੇ ਕੋਈ ਹੁਕਮ ਨਹੀਂ ਕੀਤੇ ਹਨ। ਪੀਆਰਟੀਸੀ ਦੀਆਂ ਬੱਸਾਂ ਤੋਂ ਅਮਰਿੰਦਰ ਦੀ ਤਸਵੀਰ ਗਾਇਬ ਹੋ ਚੁੱਕੀ ਹੈ। ਅਗਲੇ ਪੜਾਅ ਵਿਚ ਵੱਡੇ ਸ਼ਹਿਰਾਂ ਵਿਚ ਜੋ ਨਗਰ ਨਿਗਮ ਵੱਲੋਂ ਫਲੈਕਸਾਂ ਲਈ ਜਗ੍ਹਾ ਰੱਖੀ ਹੋਈ ਹੈ, ਉਨ੍ਹਾਂ ਤੋਂ ਅਮਰਿੰਦਰ ਦੀ ਤਸਵੀਰ ਹਟਾਈ ਜਾਣੀ ਹੈ। ਅਗਲੇ ਦਿਨਾਂ ਵਿੱਚ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਲੇ ਹੋਰਡਿੰਗ, ਫਲੈਕਸ ਤੇ ਹੋਰ ਮਸ਼ਹੂਰੀ ਪੋਸਟਰ ਨਜ਼ਰ ਆਉਣਗੇ। ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਜ਼ਿਲ੍ਹਿਆਂ ਵਿਚ ਸਰਕਾਰੀ ਸਕੀਮਾਂ ਵਾਲੇ ਵੱਡੇ ਫਲੈਕਸ ਲਗਾਏ ਗਏ ਹਨ, ਜਿਨ੍ਹਾਂ ਤੋਂ ਹੁਣ ਅਮਰਿੰਦਰ ਦੀ ਤਸਵੀਰ ਹਟਾਈ ਜਾਵੇਗੀ। ਪਤਾ ਲੱਗਾ ਹੈ ਕਿ ਮਹਿਕਮੇ ਵੱਲੋਂ ਪੰਜਾਬ ਭਰ ’ਚ ਮੁਹਿੰਮ ਵਿੱਢੀ ਜਾਣੀ ਹੈ, ਜਿਸ ਤਹਿਤ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਤਸਵੀਰ ਲਗਾਈ ਜਾਣੀ ਹੈ।

Leave a Reply

Your email address will not be published. Required fields are marked *