ਝੂਠੇ ਮੁਕਾਬਲੇ ’ਚ ਨੌਜਵਾਨ ਨੂੰ ਮਾਰਨ ਵਾਲੇ ਨੂੰ 3 ਦਹਾਕੇ ਬਾਅਦ 10 ਸਾਲ ਦੀ ਕੈਦ

ਮੁਹਾਲੀ: ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ’ਚ ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਮੰਨਦੇ ਹੋਏ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕਰਕੇ ਕੀਤਾ ਹੈ। ਕੱਲ੍ਹ ਸੀਬੀਆਈ ਦੀ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਤੱਤਕਾਲੀ ਐੱਸਐੱਚਓ ਵੱਸਣ ਸਿੰਘ ਅਤੇ ਸੇਵਾਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਮੁੱਖ ਦੋਸ਼ੀ ਜਾਂਦੇ ਸੇਵਾਮੁਕਤ ਸਬ ਇੰਸਪੈਕਟਰ ਵੱਸਣ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਸਮੇਂ ਉਹ ਬਿਆਸ ਥਾਣੇ ਵਿੱਚ ਐੱਸਐੱਚਓ ਤਾਇਨਾਤ ਸੀ। ਪੰਜਾਬ ਪੁਲੀਸ ਨੇ ਨੌਜਵਾਨ ਗੁਰਬਿੰਦਰ ਸਿੰਘ ਨੂੰ ਘਰੋਂ ਚੁੱਕ ਕੇ ਬਾਅਦ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਪਰਿਵਾਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਸਾਲ 1992 ਵਿੱਚ ਪੰਜਾਬ ਪੁਲੀਸ ਨੇ ਬਿਆਸ ’ਚੋਂ ਚੰਨਣ ਸਿੰਘ ਨੂੰ 21 ਜੁਲਾਈ 1992 ਦੀ ਸ਼ਾਮ ਨੂੰ ਘਰੋਂ ਚੁੱਕ ਕੇ ਜਲੰਧਰ ਦੇ ਥਾਣੇ ਦੀ ਹਵਾਲਾਤ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਉਸ ਦੇ ਤਸ਼ੱਦਦ ਢਾਹਿਆ ਗਿਆ। ਦੋ ਦਿਨਾਂ ਮਗਰੋਂ ਪੁਲੀਸ ਨੇ ਚੰਨਣ ਸਿੰਘ ਦੇ ਪੁੱਤਰ ਗੁਰਬਿੰਦਰ ਸਿੰਘ ਨੂੰ ਜਲੰਧਰ ਰਹਿੰਦੇ ਉਸ ਦੇ ਭਰਾ ਸਵਰਨ ਸਿੰਘ ਦੇ ਘਰੋਂ ਚੁੱਕ ਲਿਆ ਅਤੇ ਪਿੰਡ ਦੇ ਮੋਹਤਬਰਾਂ ਦੀ ਅਪੀਲ ’ਤੇ ਚੰਨਣ ਸਿੰਘ ਨੂੰ ਛੱਡ ਦਿੱਤਾ। 24 ਜੁਲਾਈ ਨੂੰ ਪੁਲੀਸ ਨੇ ਗੁਰਬਿੰਦਰ ਸਿੰਘ ਨੂੰ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਦੱਸ ਕੇ ਉਸ ਦੀ ਕੇਸ ਫਾਈਲ ਬੰਦ ਕਰ ਦਿੱਤੀ। ਇਸ ਮਗਰੋਂ ਜਸਵੰਤ ਸਿੰਘ ਖਾਲੜਾ ਕਮੇਟੀ ਨੇ ਇਹ ਮਾਮਲਾ ਚੁੱਕਿਆ ਅਤੇ ਪੀੜਤ ਪਰਿਵਾਰ ਨੇ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ।
ਇਸ ਤਰ੍ਹਾਂ ਪੰਜ ਸਾਲ ਬਾਅਦ 1997 ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ। ਸੀਬੀਆਈ ਨੇ ਮੁੱਢਲੀ ਜਾਂਚ ਤੋਂ ਬਾਅਦ ਪੰਜਾਬ ਪੁਲੀਸ ਦੇ ਇੰਸਪੈਕਟਰ ਅਮਰੀਕ ਸਿੰਘ ਅਤੇ ਸਬ ਇੰਸਪੈਕਟਰ ਵੱਸਣ ਸਿੰਘ ਦੇ ਖ਼ਿਲਾਫ਼ ਧਾਰਾ 342, 364,302 ਅਤੇ 34 ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ। ਅਦਾਲਤ ਤੋਂ ਬਾਹਰ ਜਾਣ ਸਮੇਂ ਜਿਵੇਂ ਹੀ ਮੀਡੀਆ ਨੇ ਦੋਸ਼ੀ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਦੀ ਧੀ ਨੇ ਪੱਤਰਕਾਰਾਂ ਨੂੰ ਕਾਫੀ ਮਾੜੇ ਬੋਲ ਬੋਲੇ।

Leave a Reply

Your email address will not be published. Required fields are marked *