ਭਿਖੀਵਿੰਡ ਪੁਲਿਸ ਵੱਲੋਂ 3 ਕਾਰ ਸਵਾਰ ਵਿਅਕਤੀਆਂ ਨੂੰ ਧਮਾਕਾਖੇਜ਼ ਅਸਲੇ ਸਣੇ ਕਾਬੂ ਕਰਨ ਦਾ ਦਾਅਵਾ

ਚੰਡੀਗੜ/ਤਰਨ ਤਾਰਨ : ਪੰਜਾਬ ਪੁਲਿਸ ਨੇ ਤਰਨਤਾਰਨ ਦੇ ਭਿੱਖੀਵਿੰਡ ਇਲਾਕੇ ਦੇ ਪਿੰਡ ਭਗਵਾਨਪੁਰ ਤੋਂ ਕਥਿੱਤ ਤੌਰ ’ਤੇ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ । ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਕਥਿੱਤ ਤੌਰ ’ਤੇ ਫੋਮ ਵਿੱਚ ਪੈਕ ਕੀਤੇ ਦੋ ਡੱਬੇ, ਦੋ ਹੈਂਡ ਗ੍ਰਨੇਡ ਅਤੇ ਤਿੰਨ 9ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਕੰਵਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਾਰੇ ਮੋਗਾ ਦੇ ਵਸਨੀਕ ਹਨ। ਕੰਵਰਪਾਲ ਨੇ ਖੁਲਾਸਾ ਕੀਤਾ ਕਿ ਉਹ ਦੋ ਹਫਤੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ। ਪੁਲਿਸ ਅਨੁਸਾਰ ਇਹ ਤਿੰਨੇ ਵਿਅਕਤੀ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ।
ਵਧੀਕ ਡਾਇਰੈਕਟਰ ਜਨਰਲ ਪੁਲਿਸ (ਏਡੀਜੀਪੀ) ਅੰਦਰੂਨੀ ਸੁਰੱਖਿਆ ਆਰ. ਐਨ ਢੋਕੇ ਨੇ ਦੱਸਿਆ ਕਿ ਪੁਲਿਸ ਚੈਕਿੰਗ ਦੌਰਾਨ ਤਰਨਤਾਰਨ ਪੁਲਿਸ ਦੀਆਂ ਟੀਮਾਂ ਨੇ ਭਿੱਖੀਵਿੰਡ ਦੇ ਪਿੰਡ ਭਗਵਾਨਪੁਰ ਨੇੜੇ ਨਾਕੇ ‘ਤੇ ਸਵਿਫਟ ਕਾਰ (ਨੰਬਰ ਪੀਬੀ 29 ਏਡੀ 6808) ਨੂੰ ਰੋਕਿਆ ਅਤੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਦੋਸ਼ੀ ਹਰਦੀਪ ਨਿੱਝਰ ਦੇ ਨੇੜਲੇ ਸਹਿਯੋਗੀ ਅਰਸ਼ਦੀਪ ਡੱਲਾ ਦੇ ਨਿਰਦੇਸ਼ਾਂ ‘ਤੇ ਡੰਪ ਕੀਤੀ ਖੇਪ ਨੂੰ ਲੈਣ ਲਈ ਤਰਨਤਾਰਨ ਪਹੁੰਚੇ ਸਨ। ਜਿਕਰਯੋਗ ਹੈ ਕਿ ਕਮਲਜੀਤ ਅਤੇ ਲਵਪ੍ਰੀਤ, ਜੋ ਪਹਿਲਾਂ ਮੋਗਾ ਤੋਂ ਗਿ੍ਰਫਤਾਰ ਕੀਤੇ ਗਏ ਸਨ, ਨੇ ਦੋਸ਼ੀਆਂ ਨੂੰ ਅਰਸਦੀਪ ਨਾਲ ਮਿਲਵਾਇਆ ਸੀ।