ਚੰਨੀ ਵੱਲੋਂ ਗੁਲਾਬੀ ਸੁੰਡੀ ਪੀੜਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਦਾ ਐਲਾਨ

ਬਠਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਅੱਜ ਬਠਿੰਡਾ ਜ਼ਿਲ੍ਹੇ ’ਚ ਆਏ। ਉਹ ਹੈਲੀਕਾਪਟਰ ’ਤੇ ਬਠਿੰਡਾ ਪਹੁੰਚੇ ਅਤੇ ਅੱਗੇ ਕਾਰ ਰਾਹੀਂ ਪਿੰਡ ਕਟਾਰ ਸਿੰਘ ਵਾਲਾ ਵਿੱਚ ਸੁੰਡੀ ਦੇ ਹਮਲੇ ਦੀ ਜ਼ਦ ’ਚ ਆਏ ਖੇਤਾਂ ਦਾ ਨਿਰੀਖ਼ਣ ਕੀਤਾ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਕਾਮੀ ਕਾਂਗਰਸੀ ਆਗੂ ਵੀ ਸਨ। ਮੁੱਖ ਮੰਤਰੀ ਜਦੋਂ ਇਥੇ ਨਰਮੇ ਦੇ ਖੇਤ ’ਚ ਪਹੁੰਚੇ ਤਾਂ ਸੁਰੱਖਿਆ ਅਮਲੇ ਨੇ ਖੇਤੀ ਕਰਦੇ ਕਿਸਾਨ ਬਲਵਿੰਦਰ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕ ਦਿੱਤਾ। ਇਸ ਕਾਰਵਾਈ ਤੋਂ ਕਿਸਾਨ ਰੋਹ ਵਿਚ ਆ ਗਏ। ਮੁੱਖ ਮੰਤਰੀ ਨੂੰ ਇਸ ਦਾ ਪਤਾ ਲੱਗਣ ’ਤੇ ਉਨ੍ਹਾਂ ਸੁਰੱਖਿਆ ਅਮਲੇ ਦੀਆਂ ਸਾਰੀਆਂ ਰੋਕਾਂ ਹਟਾ ਕੇ ਕਿਸਾਨ ਨੂੰ ਨੇੜੇ ਭੇਜਣ ਦੇ ਆਦੇਸ਼ ਦਿੱਤੇ। ਬਲਵਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਵਾਰ ਨਰਮੇ ’ਤੇ ਸੁੰਡੀ ਦੀ ਮਾਰ ਨੇ ਉਸ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ। ਉਸ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਰਕਾਰ ਵਜੋਂ ਜਾਰੀ ਮੁਆਵਜਾਂ ਉਨ੍ਹਾਂ ਤੱਕ ਪੁੱਜਦਾ ਹੀ ਨਹੀਂ। ਮੁੱਖ ਮੰਤਰੀ ਨੇ ਗੁਲਾਬੀ ਸੁੰਡੀ ਨਾਲ ਨੁਕਸਾਨੇ ਗਏ ਨਰਮੇ ਦਾ ਹਸ਼ਰ ਅੱਖੀਂ ਤੱਕ ਕੇ ਐਲਾਨ ਕੀਤਾ ਕਿ ਸੁੰਡੀ ਫ਼ੈਲਣ ਦੇ ਤਮਾਮ ਕਾਰਨਾਂ ਦੀ ਪੜਤਾਲ ਅਤੇ ਇਲਾਜ ਲਈ ਤੱਟ-ਫੱਟ ਕਾਰਵਾਈ ਅਤੇ ਮੁਆਵਜ਼ਾ ਰਾਸ਼ੀ ਸਿੱਧੀ ਕਾਸ਼ਤਕਾਰਾਂ ਤੱਕ ਅੱਪੜਦੀ ਕੀਤੀ ਜਾਵੇ। ਉਨ੍ਹਾਂ ਸੁੰਡੀ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਨੂੰ ਮਾਲਵਾ ਪੱਟੀ ’ਚ ਤੁਰੰਤ ਬੁਲਾਉਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ।

ਇਸ ਤੋਂ ਬਾਅਦ ਮੁੱਖ ਮੰਤਰੀ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਅਤੇ ਚਾਓਕੇ ਦੇ ਦੌਰੇ ਲਈ ਅੱਗੇ ਰਵਾਨਾ ਹੋ ਗਏ। ਗੌਰਤਲਬ ਹੈ ਕਿ ਸ਼ਨਿੱਚਰਵਾਰ ਨੂੰ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਗੁਲਾਬੀ ਸੁੰਡੀ ਦਾ ਜਾਇਜ਼ਾ ਲੈਣ ਬਠਿੰਡਾ ਜ਼ਿਲ੍ਹੇ ’ਚ ਆਏ ਸਨ।

Leave a Reply

Your email address will not be published. Required fields are marked *