ਦਰਬਾਰ ਸਾਹਿਬ ‘ਚ ਅੱਠ ਪਹਿਰ ਦੀ ਮਰਿਆਦਾ ਨਿਰੰਤਰ ਜਾਰੀ, ਨਹੀਂ ਪਿਆ ਕੋਰੋਨਾ ਦਾ ਅਸਰ

ਅੰਮ੍ਰਿਤਸਰ : ਦੇਸ਼ ਭਰ ਵਿਚ ਕੋਰੋਨਾ ਲਾਕਡਾਊਨ ਕਾਰਨ ਸਾਰੇ ਧਾਰਮਿਕ ਸਥਾਨ ਸੰਗਤਾਂ ਨਾ ਆਉਣ ਕਾਰਨ ਬੰਦ ਹਨ ਅਤੇ ਮਰਿਆਦਾ ਸੀਮਤ ਹੈ। ਸਿੱਖ ਧਰਮ ਦੇ ਕੇਂਦਰੀ ਅਤੇ ਮਨੁੱਖਤਾ ਦੇ ਸਾਂਝੇ ਅਸਥਾਨ ਸੱੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਠ ਪਹਿਰ ਦੀ ਮਰਿਆਦਾ ਨਿਰੰਤਰ ਜਾਰੀ ਹੈ। ਭਾਵੇਂ ਲਾਕਡਾਊਨ ਅਤੇ ਕਰਫਿਊ ਕਾਰਨ ਸੰਗਤਾਂ ਇੱਥੇ ਨਹੀਂ ਪੁੱਜ ਰਹੀਆਂ, ਪਰ ਸਿੰਘ ਸਾਹਿਬਾਨ, ਅਰਦਾਸੀਏ, ਫਰਾਸ਼, ਚੌਰਬਰਦਾਰ, ਚੌਬਦਾਰ, ਸੇਵਾਦਾਰ ਆਦਿ ਗੁਰੂ ਘਰ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਅੱਠ ਪਹਿਰ ਦੀ ਮਰਿਆਦਾ ਅਤੇ ਸਾਫ਼-ਸਫ਼ਾਈ ਦੀ ਸੇਵਾ ਨਿਰੰਤਰ ਨਿਭਾ ਰਹੇ ਹਨ। ਹਰਿਮੰਦਰ ਸਾਹਿਬ ਵਿਖੇ ਜਿੱਥੇ ਆਮ ਦਿਨਾਂ ਵਿਚ ਸੰਗਤਾਂ ਦੀ ਆਮਦ ਤਕਰੀਬਨ ਇਕ ਲੱਖ ਦੇ ਕਰੀਬ ਮੰਨੀ ਜਾਂਦੀ ਸੀ, ਇਹ ਹੁਣ ਸੈਂਕੜਿਆਂ ਵਿਚ ਰਹਿ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਡਿਊਟੀ ਮੁਲਾਜਮ ਅਤੇ ਹੋਰ ਸੇਵਾਵਾਂ ਨਿਭਾਉਂਣ ਵਾਲੇ ਪ੍ਰੇਮੀ ਸਿੰਘਾਂ ਨੂੰ ਕਰਫਿਊ ਪਾਸ ਰਾਹੀਂ ਹੀ ਆਉਂਣ ਦੀ ਆਗਿਆ ਮਿਲੀ ਹੈ। ਅੱਠ ਪਹਿਰ ਦੀ ਮਰਿਆਦਾ ਅਤੇ ਗੁਰੁ ਕਾ ਲੰਗਰ 24 ਘੰਟੇ ਸੰਗਤਾਂ ਲਈ ਜਾਰੀ ਹੈ।