ਅਮਰੀਕਾ ਰਹਿੰਦੇ ਪਿੰਡ ਸਰੀਂਹ ਦੇ ਤੇਜਪਾਲ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਨਕੋਦਰ : ਨਜ਼ਦੀਕੀ ਪਿੰਡ ਸਰੀਂਹ ਦੇ ਅਮਰੀਕਾ ’ਚ ਰਹਿੰਦੇ ਤੇਜਪਾਲ ਸਿੰਘ (60) ਪੁੱਤਰ ਅਮਰ ਸਿੰਘ ਦਾ ਬੀਤੇ ਦਿਨ ਨਕਾਬਪੋਸ਼ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ’ਚ ਸ਼ੋਕ ਦੀ ਲਹਿਰ ਦੌੜ ਗਈ ਹੈ। ਇਸ ਘਟਨਾ ਸਬੰਧੀ ਪਿੰਡ ਸਰੀਂਹ ਰਹਿੰਦੇ ਮ੍ਰਿਤਕ ਤੇਜਪਾਲ ਸਿੰਘ ਦੇ ਵੱਡੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਤੇਜਪਾਲ ਸਿੰਘ (60) ਉਨ੍ਹਾਂ ਦਾ ਛੋਟਾ ਭਰਾ ਸੀ ਤੇ ਤਕਰੀਬਨ 33 ਸਾਲ ਪਹਿਲਾਂ ਅਮਰੀਕਾ ’ਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਤੇ ਸਟੋਰ ’ਚ ਕੰਮ ਕਰਦਾ ਸੀ।
ਹੁਣ ਉੱਥੇ ਹੀ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ । ਸਤਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਤੇਜਪਾਲ ਸਿੰਘ ਘਰ ਤੋਂ ਸਟੋਰ ’ਚ ਕੰਮ ਕਰਨ ਲਈ ਗਿਆ ਤਾਂ ਕਿਸੇ ਨਕਾਬਪੋਸ਼ ਵਿਅਕਤੀ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਤੇਜਪਾਲ ਸਿੰਘ ਆਪਣੇ ਪਿੱਛੇ ਦੋ ਲੜਕੀਆਂ ਤਲਵਿੰਦਰ ਕੌਰ, ਹਰਵਿੰਦਰ ਕੌਰ, ਪੁੱਤਰ ਰਾਜਵੀਰ ਸਿੰਘ ਤੇ ਪਤਨੀ ਜਸਵੰਤ ਕੌਰ, ਜੋ ਅਮਰੀਕਾ ’ਚ ਰਹਿੰਦੇ ਹਨ, ਨੂੰ ਰੋਂਦਿਆਂ ਛੱਡ ਗਿਆ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਤੇਜਪਾਲ ਸਿੰਘ ਦੇ ਇਕ ਵੱਡੇ ਭਰਾ ਅਜੀਤ ਸਿੰਘ ਦੀ ਤਕਰੀਬਨ ਡੇਢ ਮਹੀਨਾ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ’ਤੇ ਇਹ ਇੱਕ ਕਹਿਰ ਢਹਿ ਗਿਆ।