ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਰੇਡੀਓ ਜਾਕੀਜ਼ ਲਈ ਵਰਕਸ਼ਾਪ ਦਾ ਆਯੋਜਨ


ਚੰਡੀਗੜ੍ਹ, : ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚ ਯਕੀਨੀ ਬਣਾਉਣ ਲਈ, ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਰੇਡੀਓ ਜਾਕੀਜ਼ (ਆਰ.ਜੇ.) ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਰੇਡੀਓ ਜਾਕੀਜ਼ ਨੂੰ ਚੋਣ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣ ਲਈ ਆਯੋਜਿਤ ਕੀਤੀ ਗਈ ਸੀ ਤਾਂ ਜੋ ਉਹ ਆਪਣੇ ਸਰੋਤਿਆਂ ਤੱਕ ਵਿਆਪਕ ਅਤੇ ਸਹੀ ਜਾਣਕਾਰੀ ਪਹੁੰਚਾ ਸਕਣ।
ਆਲ ਇੰਡੀਆ ਰੇਡੀਓ ਅਤੇ ਵੱਖ -ਵੱਖ ਪ੍ਰਾਈਵੇਟ ਐਫਐਮ ਚੈਨਲਾਂ ਵਰਗੇ ਪ੍ਰਮੁੱਖ ਰੇਡੀਓ ਚੈਨਲਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਆਲ ਇੰਡੀਆ ਰੇਡੀਓ ਅਨਾਉਸਰਸ ਅਤੇ ਮਾਈ ਐਫਐਮ, ਬਿਗ ਐਫਐਮ, ਰੈਡ ਐਫਐਮ ਅਤੇ ਰੇਡੀਓ ਮਿਰਚੀ ਸਮੇਤ ਟ੍ਰਾਈਸਿਟੀ ਦੇ ਪ੍ਰਮੁੱਖ ਐਫਐਮ ਚੈਨਲਾਂ ਦੇ ਰੇਡੀਓ ਅਨਾਉਸਰਸ ਨੇ ਤਿੰਨ ਘੰਟਿਆਂ ਦੀ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਵੀ ਕੀਤੀ।
ਵਧੀਕ ਸੀਈਓ ਸ੍ਰੀਮਤੀ ਮਾਧਵੀ ਕਟਾਰੀਆ ਵੱਲੋਂ ਭਾਗੀਦਾਰਾਂ ਨੂੰ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਤਕਨੀਕ ‘ਤੇ ਵਿਸ਼ੇਸ਼ ਧਿਆਨ ਦੇਣ, ਈਵੀਐਮਜ਼ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਅਤੇ ਈਸੀਆਈ ਦੀਆਂ ਪਹਿਲਕਦਮੀਆਂ ਸਬੰਧੀ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। 
ਰੇਡੀਓ ਜਾਕੀਜ਼ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਚੋਣਾਂ ਅਤੇ ਲੋਕਤੰਤਰੀ ਸਿੱਖਿਆ ਲਈ ਵੋਟਰਾਂ ਨੂੰ ਚੋਣ ਪ੍ਰਣਾਲੀ ਨਾਲ ਜੋੜਨ ਵਾਸਤੇ ਰੇਡੀਓ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ। ਭਾਗੀਦਾਰਾਂ ਨੇ ਵੋਟਰ ਜਾਗਰੂਕਤਾ ਸਬੰਧੀ ਸੀਈਓ ਦਫ਼ਤਰ, ਪੰਜਾਬ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਵੀ ਦਿੱਤਾ।
ਸੀਈਓ ਦਫ਼ਤਰ ਪੰਜਾਬ ਵੱਲੋਂ ਮੁੱਖ ਹਿੱਸੇਦਾਰਾਂ ਦੇ ਨਾਲ ਕੀਤੀ ਪਹਿਲਕਦਮੀ ਨਾਲ ਵੋਟਰ ਜਾਗਰੂਕਤਾ ਫੈਲਾਉਣ ਵਿੱਚ ਰੇਡੀਓ ਦੀ ਸਹਿਯੋਗੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਗਈ ਕਿ ਕਿਵੇਂ ਰੇਡੀਓ ਸਟੇਸ਼ਨ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਢੰਗ ਨਾਲ ਵੋਟਰ ਸਿੱਖਿਆ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਆਲ ਇੰਡੀਆ ਰੇਡੀਓ, ਜਲੰਧਰ ਦੇ ਸੀਨੀਅਰ ਅਧਿਕਾਰੀਆਂ ਨੇ ਇੰਟਰਵਿਊ ਅਤੇ ਫ਼ੋਨ-ਇਨ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਜੋ ਹੋਰਨਾਂ ਸਟੇਸ਼ਨਾਂ ਤੋਂ ਪ੍ਰਸਾਰਿਤ ਕੀਤੇ ਜਾਣਗੇ। ਪ੍ਰਾਈਵੇਟ ਐਫਐਮ ਚੈਨਲਾਂ ਦੇ ਆਰ.ਜੇਜ਼ ਨੇ ਆਪਣੇ ਪਲੇਟਫਾਰਮਾਂ ਰਾਹੀਂ ਸਿਸਟੇਮੈਟਿਕ ਵੋਟਰਸ ਐਂਜੂਕਸ਼ਨਸ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਪਹਿਲਕਦਮੀਆਂ ਜਿਵੇਂ ਕੁਇਜ਼, ਹੋਰ ਮੁਕਾਬਲੇ ਅਤੇ ਸੀਈਓ ਦਫ਼ਤਰ, ਪੰਜਾਬ ਦੇ ਸੋਸ਼ਲ ਮੀਡੀਆ ਚੈਨਲਾਂ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ।
ਵਰਕਸ਼ਾਪ ਵਿੱਚ ਰੇਡੀਓ ਚੈਨਲਾਂ ਦੇ ਨੁਮਾਇੰਦਿਆਂ ਦੀ ਪ੍ਰਭਾਵਸ਼ਾਲੀ ਅਤੇ ਉਤਸ਼ਾਹਜਨਕ ਭਾਗੀਦਾਰੀ ਵੇਖੀ ਗਈ। ਆਲ ਇੰਡੀਆ ਰੇਡੀਓ, ਚੰਡੀਗੜ੍ਹ ਦੇ ਸਹਾਇਕ ਨਿਰਦੇਸ਼ਕ (ਪ੍ਰੋਗਰਾਮ)  ਸ੍ਰੀ ਸੰਜੀਵ ਦੁਸਾਂਝ ਨੇ ਵਿਲੱਖਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵੋਟਰ ਜਾਗਰੂਕਤਾ ਸੰਦੇਸ਼ਾਂ ਨੂੰ ਰਿਕਾਰਡ ਕਰਨ ਲਈ ਰੇਡੀਓ ਜੌਕੀਜ਼ ਨਾਲ ਆਰ.ਜੇ. ਦਾ ਵਿਸ਼ੇਸ਼ ਸੈਸ਼ਨ ਕਰਵਾਇਆ।

Leave a Reply

Your email address will not be published. Required fields are marked *