ਭਾਜਪਾ ਤੇ ਜਾਤੀ ਜਨਗਣਨਾ
ਲੱਗਭੱਗ ਸਭ ਵਿਰੋਧੀ ਪਾਰਟੀਆਂ ਜਾਤੀ ਜਨਗਣਨਾ ਕਰਾਏ ਜਾਣ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਭਾਜਪਾ ਸਰਕਾਰ ਨੇ ਇਸ ਸੰਬੰਧੀ ਚੁੱਪ ਧਾਰੀ ਰੱਖੀ | ਹੁਣ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਹਲਫਨਾਮਾ ਦਾਖ਼ਲ ਕਰ ਦਿੱਤਾ ਹੈ ਕਿ ਪੱਛੜੇ ਵਰਗਾਂ ਦੀ ਜਾਤੀ ਅਧਾਰਤ ਗਿਣਤੀ ਪ੍ਰਸ਼ਾਸਨਿਕ ਤੌਰ ‘ਤੇ ਅਸੰਭਵ ਹੈ | ਇਸ ਤੋਂ ਪਹਿਲਾਂ ਬਿਹਾਰ ਦੀਆਂ 10 ਪਾਰਟੀਆਂ ਦੇ ਵਫ਼ਦ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਜਾਤੀ ਜਨਗਣਨਾ ਕਰਾਏ ਜਾਣ ਦੀ ਮੰਗ ਕੀਤੀ ਸੀ | ਕੇਂਦਰ ਵੱਲੋਂ ਸੁਪਰੀਮ ਕੋਰਟ ਵਿੱਚ ਜਾਤੀ ਜਨਗਣਨਾ ਸੰਬੰਧੀ ਇਨਕਾਰ ਕੀਤੇ ਜਾਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਫਿਰ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਆਪਣੇ ਰੁਖ ਉਤੇ ਪੁਨਰ ਵਿਚਾਰ ਕਰਦਿਆਂ ਜਾਤੀ ਜਨਗਣਨਾ ਕਰਾਉਣੀ ਚਾਹੀਦੀ ਹੈ, ਇਸ ਨਾਲ ਪੱਛੜੇ ਵਰਗਾਂ ਦੀ ਉਨਤੀ ਵਿੱਚ ਸਹਾਇਤਾ ਮਿਲੇਗੀ |
ਜਾਤੀ ਜਨਗਣਨਾ ਦੀ ਮੰਗ ਦੌਰਾਨ ਇੱਕ ਸਰਵੇਖਣ ਰਾਹੀਂ ਪਤਾ ਲੱਗਾ ਹੈ ਕਿ ਦੇਸ਼ ਦੇ 17.24 ਕਰੋੜ ਪੇਂਡੂ ਪਰਵਾਰਾਂ ਵਿੱਚੋਂ 44.4 ਫ਼ੀਸਦੀ ਓ ਬੀ ਸੀ (ਹੋਰ ਪੱਛੜੇ ਵਰਗ) ਹਨ | ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਤਾਮਿਲਨਾਡੂ, ਬਿਹਾਰ, ਤੇਲੰਗਾਨਾ, ਉੱਤਰ ਪ੍ਰਦੇਸ਼, ਕੇਰਲ, ਕਰਨਾਟਕ ਤੇ ਛਤੀਸਗੜ੍ਹ ਅਜਿਹੇ ਰਾਜ ਹਨ, ਜਿਨ੍ਹਾਂ ਵਿੱਚ ਓ ਬੀ ਸੀ ਬਹੁਗਿਣਤੀ ਵਿੱਚ ਹਨ | ਇਨ੍ਹਾਂ ਰਾਜਾਂ ਵਿੱਚ ਲੋਕ ਸਭਾ ਦੀਆਂ 235 ਸੀਟਾਂ ਆਉਂਦੀਆਂ ਹਨ |
ਇਹ ਅੰਕੜੇ ਕਿਸੇ ਪ੍ਰਾਈਵੇਟ ਸੰਸਥਾ ਨਹੀਂ, ਸਗੋਂ ਸਰਕਾਰ ਦੇ ਕੌਮੀ ਅੰਕੜਾ ਦਫ਼ਤਰ ਵੱਲੋਂ ਤਿਆਰ ਕੀਤੇ ਗਏ ਹਨ | ਇਸ ਸਰਵੇ ਮੁਤਾਬਕ 17.24 ਕਰੋੜ ਪੇਂਡੂ ਪਰਵਾਰਾਂ ਵਿੱਚੋਂ 44.4 ਫ਼ੀਸਦੀ ਓ ਬੀ ਸੀ, 21.6 ਫ਼ੀਸਦੀ ਅਨੁਸੂਚਿਤ ਜਾਤੀ ਤੇ 12.3 ਫ਼ੀਸਦੀ ਅਨੁਸੂਚਿਤ ਜਨਜਾਤੀ ਤੇ 21.7 ਫ਼ੀਸਦੀ ਬਾਕੀ ਵਰਗਾਂ ਦੀ ਹੈ | ਓ ਬੀ ਸੀ ਪਰਵਾਰਾਂ ਦੀ ਸਭ ਤੋਂ ਵੱਧ ਗਿਣਤੀ 67.7 ਫ਼ੀਸਦੀ ਤਾਮਿਲਨਾਡੂ ਵਿੱਚ ਹੈ | ਸਰਵੇ ਮੁਤਾਬਕ ਬਿਹਾਰ ਵਿੱਚ 58.1 ਫੀਸਦੀ, ਤੇਲੰਗਾਨਾ ਵਿੱਚ 57.4 ਫੀਸਦੀ, ਉੱਤਰ ਪ੍ਰਦੇਸ਼ ਵਿੱਚ 56.3 ਫ਼ੀਸਦੀ, ਕੇਰਲਾ ਵਿੱਚ 55.2 ਫ਼ੀਸਦੀ, ਕਰਨਾਟਕ ਵਿੱਚ 51.6 ਫੀਸਦੀ ਤੇ ਛਤੀਸਗੜ੍ਹ ਵਿੱਚ 51.4 ਫ਼ੀਸਦੀ ਪਰਵਾਰ ਓ ਬੀ ਸੀ ਹਨ | ਇਨ੍ਹਾਂ ਤੋਂ ਬਿਨਾਂ ਰਾਜਸਥਾਨ ਵਿੱਚ 46.8 ਫ਼ੀਸਦੀ, ਆਂਧਰਾ ਪ੍ਰਦੇਸ਼ ਵਿੱਚ 45.8 ਫ਼ੀਸਦੀ, ਗੁਜਰਾਤ ਵਿੱਚ 45.4 ਫ਼ੀਸਦੀ ਤੇ ਸਿੱਕਮ ਵਿੱਚ 45 ਫ਼ੀਸਦੀ ਓ ਬੀ ਸੀ ਹਨ | ਉਕਤ ਸਾਰੇ ਰਾਜ ਕੌਮੀ ਔਸਤ 44.4 ਫ਼ੀਸਦੀ ਤੋਂ ਵੱਧ ਹਨ | ਬਾਕੀ ਰਹਿੰਦੇ 17 ਰਾਜਾਂ ਮੱਧ ਪ੍ਰਦੇਸ਼, ਝਾਰਖੰਡ, ਮਹਾਂਰਾਸ਼ਟਰ, ਮਨੀਪੁਰ, ਉੜੀਸਾ, ਹਰਿਆਣਾ, ਅਸਾਮ, ਉਤਰਾਖੰਡ, ਕਸ਼ਮੀਰ, ਪੱਛਮੀ ਬੰਗਾਲ, ਪੰਜਾਬ, ਤਿ੍ਪੁਰਾ, ਹਿਮਾਚਲ, ਅਰੁਣਾਚਲ, ਮਿਜ਼ੋਰਮ ਤੇ ਨਾਗਾਲੈਂਡ ਵਿੱਚ ਓ ਬੀ ਸੀ ਪਰਵਾਰਾਂ ਦੀ ਗਿਣਤੀ ਕੌਮੀ ਔਸਤ ਤੋਂ ਘੱਟ ਹੈ |
ਭਾਜਪਾ ਸਰਕਾਰ ਇਸ ਜਾਤੀ ਗਣਨਾ ਤੋਂ ਇਸ ਕਰਕੇ ਇਨਕਾਰ ਕਰ ਰਹੀ ਹੈ ਕਿ ਇਸ ਦਾ ਪੂਰਾ ਸੱਚ ਸਾਹਮਣੇ ਆਉਣ ਨਾਲ ਉਸ ਦੀ ਫਿਰਕੂ ਸਿਆਸਤ ਤਾਰ-ਤਾਰ ਹੋ ਜਾਵੇਗੀ | ਹੇਠਲੇ ਵਰਗਾਂ ਵਿੱਚ ਰਾਖਵੇਂਕਰਨ ਦੀ ਮੰਗ ਜ਼ੋਰ ਫੜੇਗੀ | ਇਸ ਨਾਲ ਓ ਬੀ ਸੀ, ਐੱਸ ਸੀ ਤੇ ਐੱਸ ਟੀ ਵਰਗਾਂ ਵਿੱਚ ਜਿਹੜੇ ਕੁਲ ਅਬਾਦੀ ਦਾ 80 ਫ਼ੀਸਦੀ ਬਣਦੇ ਹਨ, ਸੱਤਾ ਵਿੱਚ ਹਿੱਸੇਦਾਰੀ ਹਾਸਲ ਕਰਨ ਲਈ ਉਭਾਰ ਪੈਦਾ ਹੋਵੇਗਾ | ਇਹੋ ਉਭਾਰ ਇਨ੍ਹਾਂ ਗਰੀਬ ਵਰਗਾਂ ਵਿੱਚ ਇੱਕਜੁਟਤਾ ਦਾ ਕਾਰਨ ਬਣੇਗਾ | ਇਹੋ ਇੱਕਜੁਟਤਾ ਪੈਦਾ ਹੋਣ ਦਾ ਡਰ ਹੀ ਭਾਜਪਾ ਨੂੰ ਸਤਾ ਰਿਹਾ ਹੈ, ਕਿਉਂਕਿ ਉਸ ਦੀ ਸਾਰੀ ਸਿਆਸਤ ਸਵਰਨ ਜਾਤਾਂ ਦੇ ਦੁਆਲੇ ਘੁੰਮਦੀ ਹੈ |