ਟਿਫਨ ਬੰਬ ਮਾਮਲਾ: ਚਾਰ ਹੋਰ ਨੌਜਵਾਨ ਫ਼ੜੇ

ਮੋਗਾ: ਪੁਲੀਸ ਨੇ ਕੈਨੇਡਾ ਆਧਾਰਿਤ ਜਥੇਬੰਦੀ ਕੇਟੀਐੱਫ ਨਾਲ ਸਬੰਧਤ ਚਾਰ ਹੋਰ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਧਰਮੁਨ ਐੱਚ ਨਿੰਬਲੇ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਿਖੀਵਿੰਡ (ਤਰਨ ਤਾਰਨ) ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ‘ਏ’ ਕੈਟਾਗਰੀ ਗੈਂਗਸਟਰ ਅਰਸ਼ਦੀਪ ਡਾਲਾ ਨਾਲ ਜੁੜੇ ਮੋਗਾ ਦੇ ਤਿੰਨ ਨੌਜਵਾਨਾਂ ਨੇ ਮੋਗਾ ਦੇ ਤਤਕਾਲੀ ਐੱਸਐੱਸਪੀ ਤੇ ਦੋ ਹੋਰ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ੍ਰੀ ਨਿੰਬਲੇ ਨੇ ਅੱਜ ਅਰਸ਼ ਡਾਲਾ ਨਾਲ ਜੁੜੇ 4 ਹੋਰ ਨੌਜਵਾਨਾਂ ਨੂੰ ਵਿਦੇਸ਼ੀ ਹਥਿਆਰਾਂ ਅਤੇ 300 ਗ੍ਰਾਮ ਹੈਰੋਇਨ ਤੇ ਸਕਾਰਪੀਓ ਗੱਡੀ ਸਣੇ ਗ੍ਰਿਫ਼ਤਾਰ ਕਰ ਕੇ ਕਿਸੇ ਹਾਈਪ੍ਰੋਫ਼ਾਈਲ ਵਿਅਕਤੀ ਦੀ ਹੱਤਿਆ ਦੀ ਵੱਡੀ ਯੋਜਨਾ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ ਗੋਰਾ ਮੱਛਰ ਵਾਸੀ ਕੰਬੋਜ ਨਗਰ ਫਿਰੋਜ਼ਪੁਰ, ਜਸਵਿੰਦਰ ਸਿੰਘ ਉਰਫ਼ ਜੱਸੂ ਕੋਕਰੀ ਕਲਾਂ (ਮੋਗਾ), ਬਲਰਾਜ ਸਿੰਘ ਵਾਸੀ ਪਰਵਾਨਾ ਨਗਰ ਮੋਗਾ ਤੇ ਅਰੁਣ ਸਾਰਵਾਨ ਵਾਸੀ ਰਾਜੀਵ ਗਾਂਧੀ ਨਗਰ ਵਜੋਂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਜਸਵਿੰਦਰ ਸਿੰਘ ਉਰਫ ਜੱਸੂ ਨੇ ਵਿਦੇਸ਼ ਤੋਂ ਫੰਡਿਗ ਹੋਣ ਦੀ ਗੱਲ ਵੀ ਮੰਨੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਛੁਪੇ ਅਰਸ਼ਦੀਪ ਡਾਲਾ ਦੀ ਇੰਟਰਪੋਲ ਜ਼ਰੀਏ ਹਵਾਲਗੀ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਅਰਸ਼ ਡਾਲਾ ਤੋਂ ਇਲਾਵਾ ਕੈਨੇਡਾ ਰਹਿੰਦੇ ਗੈਂਗਸਟਰ ਰਮਨ ਜੱਜ ਦੇ ਸੰਪਰਕ ਵਿੱਚ ਵੀ ਸਨ।

Leave a Reply

Your email address will not be published. Required fields are marked *