ਲੀਬੀਆ ‘ਚ ਹਿਰਾਸਤ ‘ਚ ਲਏ ਗਏ 4 ਹਜ਼ਾਰ ਪ੍ਰਵਾਸੀ

ਕਾਹਿਰਾ: ਲੀਬੀਆ ਦੇ ਪੱਛਮੀ ਹਿੱਸੇ ਵਿਚ ਪ੍ਰਵਾਸੀਆਂ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਦੇ ਤਹਿਤ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 4,000 ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇਕ ਨੌਜਵਾਨ ਪ੍ਰਵਾਸੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹਨ ਜਿਹਨਾਂ ਵਿਚੋਂ ਦੋ ਦੀ ਹਾਲਤ ਨਾਜ਼ੁਕ ਹੈ। ਇਹ ਛਾਪੇਮਾਰੀ ਪੱਛਮੀ ਸ਼ਹਿਰ ਗਰਗਰੇਸ਼ ਵਿਚ ਸ਼ੁੱਕਰਵਾਰ ਨੂੰ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹਗੈਰ ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਸੁਰੱਖਿਆ ਮੁਹਿੰਮ ਸੀ।

ਗ੍ਰਹਿ ਮੰਤਰਾਲੇ ਨੇ ਮਨੁੱਖੀ ਤਸਕਰੀ ਜਾਂ ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 500 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਪਰ ਇਹ ਗਿਣਤੀ ਸ਼ਨੀਵਾਰ ਨੂੰ ਵੱਧ ਕੇ 4 ਹਜ਼ਾਰ ਤੱਕ ਪਹੁੰਚ ਗਈ। ਗੌਰਤਲਬ ਹੈ ਕਿ ਗਰਗਰੇਸ਼ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੇ ਕੇਂਦਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਅਤੇ ਇਹ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ 12 ਕਿਲੋਮੀਟਰ ਦੂਰ ਹੈ। ਸ਼ਹਿਰ ਵਿਚ ਹਾਲ ਹੀ ਦੇ ਸਾਲਾਂ ਵਿਚ ਪ੍ਰਵਾਸੀਆਂ ਨੂੰ ਲੈਕੇ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਸ਼ੁੱਕਰਵਾਰ ਨੂੰ ਕੀਤੀ ਗਈ ਛਾਪੇਮਾਰੀ ਨੂੰ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਹੁਣ ਤੱਕ ਦੀ ਸਭ ਤੋਂ ਹਿੰਸਕ ਕਾਰਵਾਈ ਦੱਸਿਆ ਹੈ।

ਸਾਲ 2011 ਵਿਚ ਨਾਟੋ ਦੇ ਸਮਰਥਨ ਨਾਲ ਹੋਈ ਬਗਾਵਤ ਦੇ ਬਾਅਦ ਤਾਨਾਸ਼ਾਹ ਮੁਅੰਮਰ ਗੱਦਾਫੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਤੋਂ ਅਫਰੀਕਾ ਅਤੇ ਪੱਛਮੀ ਏਸ਼ੀਆ ਵਿਚ ਜੰਗ ਅਤੇ ਗਰੀਬੀ ਤੋਂ ਭੱਜ ਕੇ ਯੂਰਪ ਜਾਣ ਦੇ ਚਾਹਵਾਨ ਪ੍ਰਵਾਸੀਆਂ ਲਈ ਲੀਬੀਆ ਆਵਾਗਮਨ ਬਿੰਦੂ ਬਣ ਗਿਆ ਹੈ। ਲੀਬੀਆ ਦੀ ਸਰਹੱਦ 6 ਦੇਸ਼ਾਂ ਨਾਲ ਲੱਗਦੀ ਹੈ। ਪੁਲਸ ਕਰਨਲ ਨੂਰੀ ਅਲ ਗ੍ਰਤਲੀ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਤ੍ਰਿਪੋਲੀ ਦੇ ‘ਕੁਲੈਕਸ਼ਨ ਐਂਡ ਰਿਟਰਨ ਸੈਂਟਰ’ ਵਿਚ ਰੱਖਿਆ ਗਿਆ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜਿੰਨਾ ਸੰਭਵ ਹੋਵੇਗਾ ਪ੍ਰਵਾਸੀਆਂ ਨੂੰ ਉਹਨਾਂ ਦੇ ਆਪਣੇ ਦੇਸ਼ ਵਾਪਸ ਭੇਜਿਆ ਜਾਵੇਗਾ।

Leave a Reply

Your email address will not be published. Required fields are marked *