ਸ਼੍ਰਿੰਗਲਾ ਅਤੇ ਅਮਰੀਕੀ ਉਪ ਵਿਦੇਸ਼ ਸਕੱਤਰ ਵਿਚਾਲੇ ਵਾਰਤਾ

ਨਵੀਂ ਦਿੱਲੀ: ਅਮਰੀਕਾ ਦੇ ਉਪ ਵਿਦੇਸ਼ ਸਕੱਤਰ ਵੈਂਡੀ ਸ਼ਰਮਨ ਅਤੇ ਭਾਰਤੀ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਵਿਚਾਲੇ ਅਫ਼ਗਾਨਿਸਤਾਨ ਦੇ ਹਾਲਾਤ, ਕੁਆਡ ਢਾਂਚੇ ਤਹਿਤ ਸਹਿਯੋਗ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਅੱਜ ਇਥੇ ਵਿਸਥਾਰ ਨਾਲ ਗੱਲਬਾਤ ਹੋਈ। ਸ਼ਰਮਨ ਮੰਗਲਵਾਰ ਨੂੰ ਤਿੰਨ ਦਿਨ ਦੇ ਦੌਰੇ ’ਤੇ ਇਥੇ ਪਹੁੰਚੇ ਸਨ। ਅਮਰੀਕੀ ਉਪ ਵਿਦੇਸ਼ ਸਕੱਤਰ ਦੀ ਇਹ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਕਰੀਬ ਦੋ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਕਿ ਦੋਵੇਂ ਅਧਿਕਾਰੀਆਂ ਨੇ ਖੇਤਰੀ ਹਿੱਤਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਬੈਠਕਾਂ ਆਦਿ ਜਿਹੇ ਮੁੱਦੇ ਵਿਚਾਰੇ ਜਿਨ੍ਹਾਂ ’ਚ ਅਫ਼ਗਾਨਿਸਤਾਨ ਦੇ ਹਾਲਾਤ ਦਾ ਮੁੱਦਾ ਭਾਰੂ ਰਿਹਾ ਸੀ। ਉਨ੍ਹਾਂ ਕਿਹਾ ਕਿ ਕੁਆਡ ਤਹਿਤ ਸਹਿਯੋਗ ਜਾਰੀ ਰਖਦਿਆਂ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ ’ਚ ਸਾਰਿਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ ਗਈ। ਤਰਜਮਾਨ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਕੋਵਿਡ-19, ਸੁਰੱਖਿਆ, ਰੱਖਿਆ, ਆਰਥਿਕ, ਵਾਤਾਵਰਨ ਅਤੇ ਸਾਫ਼ ਊਰਜਾ ਸਮੇਤ ਹੋਰ ਦੁਵੱਲੇ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

Leave a Reply

Your email address will not be published. Required fields are marked *