ਸਹਾਰਨਪੁਰ ਵਿਖੇ ਸਿੱਧੂ ਸਣੇ ਕਈ ਹਿਰਾਸਤ ’ਚ ਲਏ, ਦੇਰ ਸ਼ਾਮ ਲਖੀਮਪੁਰ ਰਵਾਨਾ

ਚੰਡੀਗੜ੍ਹ : ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਤਲਾਂ ਦੇ ਰੋਸ ’ਚ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਪੰਜਾਬ ਕਾਂਗਰਸ ਦਾ ਵੱਡਾ ਜਥਾ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ੀਰਕਪੁਰ ਤੋਂ ਰਵਾਨਾ ਹੋਇਆ। ਕਾਫ਼ਿਲੇ ਨੂੰ ਸਹਾਰਨਪੁਰ ਵਿੱਚ ਰੋਕ ਲਿਆ ਗਿਆ। ਇਸ ਦੌਰਾਨ ਕਾਫ਼ਿਲੇ ਵਿੱਚ ਸ਼ਾਮਲ ਲੋਕਾਂ ਨੇ ਬੈਰੀਕੇਡ ਤੋੜ ਦਿੱਤੇ, ਜਿਸ ਕਾਰਨ ਪੁਲੀਸ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇਸ ਕਾਰਨ ਸਿੱਧੂ, ਵਿਜੇਇੰਦਰ ਸਿੰਗਲਾ ਪਰਗਟ ਸਿੰਘ, ਕੁਲਬੀਰ ਜ਼ੀਰਾ, ਪਵਨ ਗੋਇਲ, ਕੁਲਜੀਤ ਨਾਗਰਾ, ਡਾ. ਹਰਜੋਤ ਕਮਲ ਤੇ ਹੋਰ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਸੀ ਸਿਰਫ ਪੰਜ ਜਣਿਆਂ ਨੂੰ ਜਾਣ ਦੀ ਇਜਾਜ਼ਤ ਹੈ। ਇਸ ਲਈ ਪੂਰਾ ਕਾਫ਼ਿਲਾ ਅੱਗੇ ਨਹੀਂ ਜਾ ਸਕਦਾ। ਹਿਰਾਸਤ ’ਚ ਲੈਣ ਪਿੱਛੋਂ ਉਨ੍ਹਾਂ ਨੂੰ ਸਰਸਾਵਾਂ ਥਾਣੇ ਲਿਜਾਇਆ ਗਿਆ। ਦੇਰ ਸ਼ਾਮ ਪ੍ਰਸ਼ਾਸਨ ਨੇ 20 ਤੋਂ 25 ਜਣਿਆਂ ਨੂੰ ਲਖੀਮਪੁਰ ਜਾਣ ਦੀ ਆਗਿਆ ਦੇ ਦਿੱਤੀ। ਇਸ ਪਿੱਛੋਂ ਨਵਜੋਤ ਸਿੱਧੂ ਕੁੱਝ ਹੋਰ ਆਗੂਆਂ ਨਾਲ ਲਖੀਮਪੁਰ ਵਿਖੇ ਪੀੜਤਾਂ ਨੂੰ ਮਿਲਣ ਲਈ ਰਵਾਨਾ ਹੋ ਗਏ।
ਜ਼ੀਰਕਪੁਰ ਤੋਂ ਜਥਾ ਰਵਾਨਾ ਹੋਣ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ। ਜਥੇ ਦੀ ਅਗਵਾਈ ਕਰਦਿਆਂ ਨੂੰ ਨਵਜੋਤ ਸਿੱਧੂ ਨੇ ਕਿਹਾ ਕਿ ਜ਼ੁਲਮ ਦਾ ਵਿਰੋਧ ਕਰਨਾ ਜ਼ਰੂਰੀ ਹੈ। ਉਨ੍ਹਾਂ ਕੇਂਦਰੀ ਮੰਤਰੀ ਦੇ ਪੁੱਤ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿਸਾਨੀ ਲਈ ਜਾਨ ਵੀ ਖ਼ੁਸ਼ੀ ਨਾਲ ਦੇ ਸਕਦਾ ਹਾਂ।