ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਜਾਂਦੇ ‘ਆਪ’ ਵਿਧਾਇਕਾਂ ਖ਼ਿਲਾਫ਼ ਕੇਸ

ਚੰਡੀਗੜ੍ਹ: ਇਥੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਕ ਘਟਨਾ ਸਬੰਧੀ ਭਾਜਪਾ ਦੇ ਰਵੱਈਏ ਖ਼ਿਲਾਫ਼ ਅੱਜ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਜਾਂਦੇ ਅੱਧਾ ਦਰਜਨ ‘ਆਪ’ ਵਿਧਾਇਕਾਂ ਖ਼ਿਲਾਫ਼ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ’ਚ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਮਨ ਅਰੋੜਾ, ਮਾਸਟਰ ਬਲਦੇਵ ਸਿੰਘ, ਕਲਵੰਤ ਸਿੰਘ ਪੰਡੋਰੀ, ਜੈ ਕ੍ਰਿਸ਼ਨ ਰੋੜੀ, ਮਨਜੀਤ ਸਿੰਘ ਅਤੇ 500/600 ਪਾਰਟੀ ਵਰਕਰਾਂ ਦੇ ਨਾਂ ਸ਼ਾਮਲ ਹਨ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ‘ਆਪ’ ਦੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ’ਚ ਲਗਾਈ ਗਈ ਧਾਰਾ-144 ਦੇ ਬਾਵਜੂਦ ਐੱਮਐੱਲਏ ਹੋਸਟਲ ’ਚ ਇਕੱਤਰਤਾ ਕੀਤੀ ਅਤੇ ਮੋਦੀ ਤੇ ਯੋਗੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ‘ਆਪ’ ਵਰਕਰਾਂ ਅਤੇ ਪੁਲੀਸ ਵਿਚਾਲੇ ਹੋਈ ਖਿੱਚ-ਧੂਹ ਦੌਰਾਨ ਪੁਲੀਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ। ਥਾਣਾ ਸੈਕਟਰ 3 ਦੀ ਪੁਲੀਸ ਨੇ ‘ਆਪ’ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।