ਸਕਾਟਲੈਂਡ ਦੇ ਹਸਪਤਾਲ ਨੇ ਰੋਬੋਟ ਨਾਲ ਕੀਤੀ 500ਵੀਂ ਫੇਫੜਿਆਂ ਦੀ ਸਰਜਰੀ

ਗਲਾਸਗੋ: ਸਕਾਟਲੈਂਡ ਦੇ ਇਕ ਹਸਪਤਾਲ ਨੇ ਆਧੁਨਿਕ ਰੋਬੋਟ ਤਕਨੀਕ ਦੀ ਵਰਤੋਂ ਕਰਦਿਆਂ 500ਵੀਂ ਰੋਬੋਟਿਕ ਸਰਜਰੀ ਕੀਤੀ ਹੈ। 2018 ’ਚ ਖਾਸ ਕਰਕੇ ਫੇਫੜਿਆਂ ਦੀ ਸਰਜਰੀ ਲਈ ‘ਦਿ ਵਿੰਚੀ ਰੋਬੋਟ’ ਦੀ ਵਰਤੋਂ ਕਰਨ ਤੋਂ ਬਾਅਦ ਵੈਸਟ ਡਨਬਰਟਨਸ਼ਾਇਰ ਦੇ ਕਲਾਈਡੇਬੈਂਕ ’ਚ ਐੱਨ. ਐੱਚ. ਐੱਸ. ਗੋਲਡਨ ਜੁਬਲੀ ਹਸਪਤਾਲ ਦੇ ਸਰਜਨਾਂ ਨੇ ਅਗਸਤ ’ਚ ਇਹ ਸਫਲਤਾ ਪ੍ਰਾਪਤ ਕੀਤੀ। ਹਸਪਤਾਲ 
’ਚ ਪਹਿਲੀ ਰੋਬੋਟਿਕ ਸਰਜਰੀ ਮੰਗਲਵਾਰ 8 ਮਈ 2018 ਨੂੰ ਕਾਰਡੀਓਥੋਰੇਸਿਕ ਸਰਜਨ ਜੌਨ ਬਟਲਰ ਵੱਲੋਂ ਕੀਤੀ ਗਈ ਸੀ। ਇਸ ਪ੍ਰਕਿਰਿਆ ਦੌਰਾਨ ‘ਦਿ ਵਿੰਚੀ ਰੋਬੋਟ’ ਸਰੀਰ ’ਚ ਰਾਡ ਪਾ ਕੇ ਕੰਮ ਕਰਦਾ ਹੈ, ਜੋ ਇਕ ਸਰਜਨ ਵੱਲੋਂ ਇਕ ਵੱਖਰੇ ਕੰਟਰੋਲ ਪੌਡ ਤੋਂ ਸੰਚਾਲਿਤ ਕੀਤਾ ਜਾਂਦਾ ਹੈ।

ਰੋਬੋਟ ਦੇ ਉਪਕਰਣ ਮਨੁੱਖ ਦੇ ਹੱਥ ਨਾਲੋਂ ਬਿਹਤਰ ਮੁੜ ਅਤੇ ਘੁੰਮ ਸਕਦੇ ਹਨ, ਜਿਸ ਨਾਲ ਸਰਜਰੀ ’ਚ ਵਧੇਰੇ ਸ਼ੁੱਧਤਾ ਦੇ ਨਾਲ ਸਫਲਤਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਤਕਨੀਕ ਦੇ ਸਰਜਨਾਂ ਲਈ ਵੀ ਸਿਹਤ ਲਾਭ ਹਨ, ਜਿਸ ਨਾਲ ਉਹ ਆਪਰੇਟਿੰਗ ਟੇਬਲ ’ਤੇ ਝੁਕਣ ਦੀ ਬਜਾਏ ਬੈਠ ਕੇ ਆਪਰੇਸ਼ਨ ਕਰ ਸਕਦੇ ਹਨ। ਨਵੀਂ ਤਕਨਾਲੋਜੀ ਮਰੀਜ਼ਾਂ ਨੂੰ ਵਧੇਰੇ ਤੇਜ਼ੀ ਨਾਲ ਠੀਕ ਹੋਣ ’ਚ ਸਹਾਇਤਾ ਕਰਦੀ ਹੈ। ਗੋਲਡਨ ਜੁਬਲੀ ਨੈਸ਼ਨਲ ਹਸਪਤਾਲ ’ਚ ਰੋਬੋਟਿਕ ਫੇਫੜਿਆਂ ਦੀ ਸਰਜਰੀ ਪ੍ਰਾਪਤ ਕਰਨ ਵਾਲੀ 500ਵੀਂ ਮਰੀਜ਼ ਕਲੈਕਮੈਨਨਸ਼ਾਇਰ ਦੀ ਊਨਾ ਸਕਾਟਲੈਂਡ ਸੀ।
 

Leave a Reply

Your email address will not be published. Required fields are marked *