ਨਿਹੰਗ ਸਿੰਘ ਬਾਣੇ ’ਚ ਆਏ ਵਿਅਕਤੀ ਨੇ ਤਖ਼ਤ ਕੇਸਗੜ੍ਹ ਸਾਹਿਬ ’ਚ ਗੋਲੀ ਚਲਾਈ

ਸ੍ਰੀ ਆਨੰਦਪੁਰ ਸਾਹਿਬ: ਅੱਜ ਸਵੇਰੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਅਜੀਬੋ ਗਰੀਬ ਘਟਨਾ ਵਿੱਚ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਵਿਅਕਤੀ ਨੇ ਮੱਥਾ ਟੇਕਣ ਉਪਰੰਤ ਬਾਹਰ ਆ ਕੇ ਆਪਣੇ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਸੰਗਤ ’ਚ ਹਫੜਾ ਤਫੜੀ ਪੈਦਾ ਹੋ ਗਈ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਜਾਂਚ ਅਧਿਕਾਰੀ ਗੁਰਮੁੱਖ ਸਿੰਘ ਅਨੁਸਾਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 606, ਹੁੱਡਾ ਕਲੋਨੀ, ਪਾਣੀਪਤ ਹਰਿਆਣਾ ਦਾ ਵਸਨੀਕ ਹੈ। ਉਹ ਇਥੇ ਮੱਥਾ ਟੇਕਣ ਲਈ ਆਇਆ ਸੀ, ਜਦੋਂ ਉਹ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਪਰਿਕਰਮਾ ਵਿੱਚ ਆਇਆ ਤਾਂ ਉਸ ਨੇ ਆਪਣੀ ਲਾਇਸੰਸੀ ਪਿਸਤੌਲ ਦੇ ਨਾਲ ਹਵਾਈ ਫਾਇਰ ਕਰ ਦਿੱਤਾ। ਮੁੱਢਲੀ ਜਾਂਚ ਦੌਰਾਨ ਗੋਲੀ ਚਲਾਉਣ ਪਿੱਛੇ ਉਸ ਦੀ ਕੋਈ ਗ਼ਲਤ ਮਨਸ਼ਾ ਨਹੀਂ ਸੀ ਤੇ ਉਸ ਨੇ ਕਿਹਾ ਹੈ ਕਿ ਗੁਰੂ ਨੂੰ ਸਲਾਮੀ ਦੇਣ ਦੇ ਲਈ ਉਸ ਨੇ ਗੋਲੀ ਚਲਾਈ ਹੈ। ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਥਾਨਕ ਪੁਲੀਸ ਨੇ ਧਾਰਾ 336, 25/27-54-59 ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉੱਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਸ ਬਾਰੇ ਦੱਸਿਆ ਹੈ ਕਿ ਬੁਹਤ ਮੰਦਭਾਗੀ ਘਟਨਾ ਹੈ।

Leave a Reply

Your email address will not be published. Required fields are marked *