ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਤਸਵੀਰਾਂ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ

ਤਰਨਤਾਰਨ : ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਦੀ ਤਰਜ਼ ’ਤੇ ਸੋਸ਼ਲ ਮੀਡੀਆ ਉੱਪਰ ਹਥਿਆਰਾਂ ਨਾਲ ਪੋਸਟਾਂ ਪਾਉਣ ਵਾਲੇ ਵਿਅਕਤੀਆਂ ਦੀ ਹੁਣ ਖੈਰ ਨਹੀਂ ਰਹੇਗੀ। ਜ਼ਿਲ੍ਹਾ ਪੁਲਸ ਵਲੋਂ ਅਜਿਹੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਲਈ ਇਕ ਵੱਖਰੇ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਇਹ ਸੈੱਲ ਸੋਸ਼ਲ ਮੀਡੀਆ ’ਤੇ ਹੋਣ ਵਾਲੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖੇਗਾ। ਜ਼ਿਕਰਯੋਗ ਹੈ ਕਿ ਐੱਸ.ਐੱਸ.ਪੀ ਵਲੋਂ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਪੋਸਟਾਂ ਪਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਡੀ.ਸੀ ਨੂੰ ਕੀਤੀ ਜਾਵੇਗੀ।

ਜ਼ਿਲ੍ਹਾ ਪੁਲਸ ਵਲੋਂ ਹਥਿਆਰਾਂ ਨੂੰ ਹੱਥ ’ਚ ਫੜ੍ਹ ਕੇ ਫਾਇਰ ਕਰਨ ਵਾਲੇ ਅਤੇ ਹਥਿਆਰਾਂ ਦਾ ਵਿਖਾਵਾ ਕਰਨ ਵਾਲੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੀ ਸਖ਼ਤੀ ਨਾਲ ਕਦਮ ਚੁੱਕਿਆ ਜਾ ਰਿਹਾ ਹੈ। ਇਸ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਪ੍ਰਚਾਰ ਨਾਲ ਇਸ ਦਾ ਮਾੜਾ ਪ੍ਰਭਾਵ ਸਕੂਲੀ ਬੱਚਿਆਂ ਉੱਪਰ ਪੈ ਰਿਹਾ ਹੈ, ਜਿਸ ਬਾਬਤ ਪੁਲਸ ਨੂੰ ਮਿਲ ਰਹੀਆਂ ਰੋਜ਼ਾਨਾ ਸ਼ਿਕਾਇਤਾਂ ਤਹਿਤ ਕਾਰਵਾਈ ਕਰਦੇ ਹੋਏ ਇਕ ਸੈੱਲ ਦਾ ਗਠਨ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਪੋਸਟਾਂ ਪਾਉਣ ਵਾਲਿਆਂ ਉੱਪਰ ਨਜ਼ਰ ਰੱਖੇਗਾ। ਅਕਸਰ ਵੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਕਿਸੇ ਹੋਰ ਦੇ ਹਥਿਆਰ ਨਾਲ ਭੰਗੜੇ ਪਾਉਂਦੇ ਅਤੇ ਨੱਚਦੇ-ਟੱਪਦੇ ਜਾਂ ਫਿਰ ਸੈਲਫੀਆਂ ਲੈਂਦੇ ਹੋਏ ਆਪਣੀਆਂ ਵੱਖ-ਵੱਖ ਪੋਸਟਾਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੰਦੇ ਹਨ। ਅਜਿਹੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨਾ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਇਕ ਥਾਣੇਦਾਰ ਵਲੋਂ ਸੋਸ਼ਲ ਮੀਡੀਆ ’ਤੇ ਪੁਲਸ ਦੀ ਵਰਦੀ ’ਚ ਆਪਣੇ ਦਫਤਰ ਅਤੇ ਵੱਖ-ਵੱਖ ਥਾਵਾਂ ’ਤੇ ਖੜ੍ਹੇ ਹੋਣ ਸਟਾਇਲ ਵਾਲੀਆਂ ਪੋਸਟਾਂ ਅਪਲੋਅਡ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਐੱਸ.ਐੱਸ.ਪੀ ਵਲੋਂ ਉੱਕਤ ਥਾਣੇਦਾਰ ਹਰਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਹੋ ਸੋਸ਼ਲ ਮੀਡੀਆ ’ਤੇ ਫੋਟੋਆਂ ਅਪਲੋਅਡ ਕਰਨ ਵਾਲਿਆਂ ਦੇ ਜਿੱਥੇ ਲਾਇਸੈਂਸ ਰੱਦ ਕਰਨ ਲਈ ਡੀ.ਸੀ ਨੂੰ ਸਿਫਾਰਸ਼ ਕੀਤੀ ਜਾਵੇਗੀ, ਉੱਥੇ ਸਬੰਧਤ ਵਿਅਕਤੀ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਤੇ ਮਾੜ ਅਨਸਰਾਂ ਉੱਪਰ ਨਜ਼ਰ ਰੱਖਣ ਲਈ ਇਕ ਸੈੱਲ ਸਥਾਪਤ ਕੀਤਾ ਗਿਆ ਹੈ, ਜੋ ਨਜ਼ਰ ਰੱਖਣ ਦਾ ਕੰਮ ਕਰੇਗਾ।

Leave a Reply

Your email address will not be published. Required fields are marked *