ਪੰਜਾਬ ਨੂੰ ਮੁੜ ਸੁਰਜੀਤ ਕਰਨ ਵਾਸਤੇ ਮੁੱਖ ਮੰਤਰੀ ਨੇ ਮਾਹਰਾਂ ਦੇ ਗਰੁੱਪ ਨਾਲ ਜਾਣ-ਪਛਾਣ ਮੀਟਿੰਗ ਕੀਤੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਨੂੰ ਕੋਵਿਡ ਉਪਰੰਤ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਨੀਤੀ ਘੜਨ ਦੀ ਦਿਸ਼ਾ ਵਿਚ ਸੋਮਵਾਰ ਨੂੰ ਉਸ ਵੇਲੇ ਪਹਿਲਾ ਕਦਮ ਚੁੱਕਿਆ ਗਿਆ ਜਦੋਂ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਮਾਹਰਾਂ ਦੇ ਗਰੁੱਪ ਨੇ ਪੰਜ ਸਬ ਗਰੁੱਪ ਤਿਆਰ ਕਰ ਲਏ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸੂਬੇ ਦੀ ਅਰਥ ਵਿਵਸਥਾ ਤੇ ਪ੍ਰਗਤੀ ਨੂੰ ਮੁੜ ਬਹਾਲ ਕਰਨ ਲਈ ਅimageਪਣੀ ਰਹਿਨੁਮਾਈ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਸਵਿਕਾਰ ਕਰ ਲਿਆ ਹੈ।


ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠਲੇ ਮਾਹਰਾਂ ਦੇ ਗਰੁੱਪ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀ ਨਾਲ ਜਾਣ-ਪਛਾਣ ਮੀਟਿੰਗ ਕੀਤੀ ਜਿਸ ਵਿਚ ਪ੍ਰਗਟਾਵਾ ਕੀਤਾ ਗਿਆ ਕਿ ਮੁੱਖ ਮੰਤਰੀ ਨੇ ਮਾਹਰਾਂ ਦੇ ਗਰੁੱਪ ਦੇ ਨਾਲ ਡਾ. ਮਨਮੋਹਨ ਸਿੰਘ ਨੂੰ ਸੂਬਾ ਸਰਕਾਰ ਦੀ ਅਗਵਾਈ ਕਰਨ ਲਈ ਲਿਖਿਆ ਸੀ ਅਤੇ ਉਨ੍ਹਾਂ ਨੇ ਇਹ ਅਪੀਲ ਮੰਨ ਲਈ ਹੈ। ਉਨ੍ਹਾਂ ਟਵੀਟ ਕਰ ਕੇ ਲਿਖਿਆ, ”ਅਸੀਂ ਪੰਜਾਬ ਨੂੰ ਕੋਵਿਡ-19 ਉਪਰੰਤ ਆਰਥਕ ਵਿਕਾਸ ਦੇ ਰਾਸਤੇ ਉਤੇ ਅੱਗੇ ਲਿਜਾਣ ਲਈ ਸਖ਼ਤ ਮਿਹਨਤ ਕਰਾਂਗੇ। ਅਸੀਂ ਇਸ ਉਤੇ ਦੁਬਾਰਾ ਧਿਆਨ ਕੇਂਦਰਤ ਕਰਾਂਗੇ।”


ਮੁੱਖ ਮੰਤਰੀ ਨੇ ਗਰੁੱਪ ਮੈਂਬਰਾਂ ਦਾ ਇਸ ਸਹਾਇਤਾ ਕਰਨ ਲਈ ਅੱਗੇ ਆਉਣ ਵਾਸਤੇ ਧਨਵਾਦ ਕੀਤਾ। ਗੰਭੀਰ ਵਿਸ਼ਵ ਵਿਆਪੀ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਕਿਹਾ, ”ਮੈਂ ਸੂਬੇ ਲਈ ਸੱਭ ਤੋਂ ਵਧੀਆ ਚਾਹੁੰਦਾ ਸੀ ਅਤੇ ਇਸ ਗਰੁੱਪ ਤੋਂ ਵਧੀਆ ਹੋਰ ਕੁੱਝ ਬਾਰੇ ਸੋਚਿਆ ਨਹੀਂ ਜਾ ਸਕਦਾ।”
ਮੋਨਟੇਕ ਸਿੰਘ ਆਹਲੂਵਾਲੀਆ ਨੇ ਵੀਡੀਉ ਕਾਨਫ਼ਰੰਸ ਦੌਰਾਨ ਦਸਿਆ ਕਿ ਮਾਹਰਾਂ ਦੇ ਗਰੁੱਪ ਜਿਸ ਵਿਚ ਪਹਿਲਾਂ 20 ਮੈਂਬਰ ਸਨ ਅਤੇ ਇਸ ਵਿਚ ਦੋ ਹੋਰ ਮੈਂਬਰ ਸ਼ਾਮਲ ਕੀਤੇ ਗਏ ਹਨ, ਨੇ ਅਪਣੀ ਪਹਿਲੀ ਮੀਟਿੰਗ ਕੀਤੀ ਹੈ। ਉਨ੍ਹਾਂ ਦਸਿਆ ਕਿ ਗਰੁੱਪ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜ ਸਬ-ਗਰੁੱਪ ਵਿੱਤ, ਖੇਤੀਬਾੜੀ, ਸਿਹਤ, ਉਦਯੋਗ ਅਤੇ ਸਮਾਜਕ ਸਹਾਇਤਾ ਬਣਾਏ ਗਏ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਗਰੁੱਪਾਂ ਦਾ ਹਰੇਕ ਚੇਅਰਪਰਸਨ ਏਜੰਡਾ ਅੱਗੇ ਲਿਜਾਣ ਲਈ ਵਰਕਰਾਂ ਨੂੰ ਲਾਮਬੰਦ ਕਰੇਗਾ।


ਮੁੱਖ ਮੰਤਰੀ ਨੇ ਤਾਂ ਭਾਰਤ ਸਰਕਾਰ ਵਲੋਂ ਹੱਲ ਪੇਸ਼ ਕਰਨ ਦੀ ਲੋੜ ‘ਤੇ ਜ਼ੋਰ ਦਿਤਾ ਕਿਉਂ ਜੋ ਪੰਜਾਬ ਦੀ ਹਾਲਤ ਗੰਭੀਰ ਹੈ ਪਰ ਮੋਨਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਗਰੁੱਪ ਅੱਗੇ ਬਹੁਤ ਮੱਹਤਵਪੂਰਨ ਕਾਰਜ ਹੈ ਪਰ ਅਸੀਂ ਸੂਬੇ ਨੂੰ ਮੁੜ ਉਭਾਰਨ ਲਈ ਯਕੀਨਨ ਤੌਰ ‘ਤੇ ਕੁੱਝ ਹੱਲ ਲੈ ਕੇ ਆਵਾਂਗੇ।
ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਨੂੰ ਦਸਿਆ ਕਿ ਸੂਬੇ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਜਿਸ ਨੂੰ ਮਹੀਨਾਵਾਰ 3360 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਇਆ ਹੈ। ਇਨ੍ਹਾਂ ਵਿਚ ਜੀ.ਐਸ.ਟੀ. ਦੇ 1322 ਕਰੋੜ ਰੁਪਏ, ਸ਼ਰਾਬ ‘ਤੇ ਸੂਬੇ ਦੀ ਆਬਕਾਰੀ 521 ਕਰੋੜ, ਮੋਟਰ ਵਹੀਕਲ ਟੈਕਸ ਦੇ 198 ਕਰੋੜ ਰੁਪਏ, ਪਟਰੌਲ ਤੇ ਡੀਜ਼ਲ ‘ਤੇ ਵੈਟ ਦੇ 465 ਕਰੋੜ ਰੁਪਏ, ਇਲੈਕਟ੍ਰੀਸਿਟੀ ਡਿਊਟੀ ਦੇ 243 ਕਰੋੜ, ਸਟੈਂਪ ਡਿਊਟੀ ਦੇ 219 ਕਰੋੜ ਅਤੇ ਨਾਨ-ਟੈਕਸ ਮਾਲੀਏ ਦੇ 392 ਕਰੋੜ ਰੁਪਏ ਦੇ ਰੂਪ ਵਿੱਚ ਘਾਟੇ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨਗਦੀ ਦੇ ਆਦਾਨ-ਪ੍ਰਦਾਨ ‘ਚ ਮੁਕੰਮਲ ਤੌਰ ‘ਤੇ ਖੜ੍ਹੋਤ ਆ ਚੁੱਕੀ ਹੈ। ਉਨ੍ਹਾਂ ਦਸਿਆ ਕਿ ਬਿਜਲੀ ਦੀ ਖਪਤ ਵਿਚ 30 ਫ਼ੀ ਸਦੀ ਕਮੀ ਆਈ ਹੈ ਅਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਬਿਜਲੀ ਦਰਾਂ ਇਕੱਤਰ ਕਰਨ ਵਿਚ ਰੋਜ਼ਾਨਾ 30 ਕਰੋੜ ਰੁਪਏ ਦਾ ਘਾਟਾ ਹੈ। ਪੰਜਾਬ ਦਾ ਉਦਯੋਗ ਠੱਪ ਹੈ ਜਿਥੇ ਇਕ ਫ਼ੀ ਸਦੀ ਤੋਂ ਵੀ ਘੱਟ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਸੂਬੇ ਦੇ ਜੀ.ਐਸ.ਟੀ. ਦਾ 4365.37 ਕਰੋੜ ਰੁਪਏ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ।


ਗਰੁੱਪ ਮੈਂਬਰ ਅਤੇ ਉਦਯੋਗਪਤੀ ਐਸ ਪੀ ਓਸਵਾਲ ਨੇ ਕਿਹਾ ਕਿ ਰਾਜ ਅਤੇ ਸਨਅਤ ਨੂੰ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੀ ਫ਼ਸਲ ਦੀ ਬੰਪਰ ਪੈਦਾਵਾਰ ਨਾਲ ਖੇਤੀਬਾੜੀ ਇਸ ਸਮੇਂ ਸਥਿਤੀ ਦਾ ਇਕਮਾਤਰ ਉਜਵਲ ਪੱਖ ਪੇਸ਼ ਕਰ ਰਹੀ ਹੈ ਜਿਸ ਤੋਂ ਬਾਅਦ ਕਪਾਹ ਅਤੇ ਝੋਨੇ ਦੀ ਫ਼ਸਲ ਆਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਘਟ ਰਹੇ ਜਲ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਕਾਸ਼ਤ ਨੂੰ ਹੋਰ ਘਟਾਉਣ ਦਾ ਪ੍ਰਸਤਾਵ ਕੀਤਾ ਹੈ ਪਰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਬਾਰੇ ਕੇਂਦਰ ਦਾ ਸਟੈਂਡ ਅਜੇ ਤਕ ਸਪਸ਼ਟ ਨਾ ਹੋਣ ਕਰ ਕੇ ਸਥਿਤੀ ਅਸਪਸ਼ਟ ਬਣੀ ਹੋਈ ਹੈ।


ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੰਡੀਆਂ ਵਿਚ ਅਪਣੀ ਉਪਜ ਦੇਰੀ ਨਾਲ ਲਿਆਉਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਉਨ੍ਹਾਂ ਦੀ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਸੀ ਜੋ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਸੀ ਜਿਸ ਨਾਲ ਇਸ ਵੇਲੇ 8 ਜ਼ਿਲ੍ਹ•ੇ ਪ੍ਰਭਾਵਤ ਹਨ ਅਤੇ ਰਾਸ਼ਟਰੀ ਔਸਤ ਦੀ ਤੁਲਨਾ ਵਿਚ ਮੌਤ ਦਰ ਵੱਧ ਦਰਸਾਈ ਗਈ ਹੈ। ਹਾਲਾਂਕਿ, ਦੇਸ਼ ਦੇ ਮੁਕਾਬਲੇ ਸੂਬੇ ਦੀ ਪ੍ਰਤੀਸ਼ਤਤਾ 1 ਅਪਰੈਲ ਨੂੰ 2.2 ਫ਼ੀ ਸਦੀ ਤੋਂ ਘਟ ਕੇ 25 ਅਪਰੈਲ ਨੂੰ 1.2 ਫ਼ੀ ਸਦੀ ਰਹਿ ਗਈ। ਉਨ੍ਹਾਂ ਕਿਹਾ ਕਿ ਕੇਸਾਂ ਦੇ ਦੁੱਗਣੇ ਹੋਣ ਦੀ ਦਰ (ਪਿਛਲੇ 1 ਹਫ਼ਤੇ ਦੇ ਔਸਤ ਵਜੋਂ) ਰਾਸ਼ਟਰੀ ਔਸਤ ਦੇ 9 ਦਿਨਾਂ ਦੀ ਤੁਲਨਾ ਵਿਚ 18 ਦਿਨ ਹੈ।
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਮੌਜੂਦਾ ਸੰਕਟ ਨਾਲ ਨਜਿੱਠਣ ਵਾਸਤੇ ਕੇਂਦਰ ਛੇਤੀ ਹੀ ਸੂਬੇ ਨੂੰ ਬਹੁਤ ਲੋੜੀਂਦਾ ਰਾਹਤ ਪੈਕੇਜ ਮੁਹੱਈਆ ਕਰਵਾਏਗੀ।

Leave a Reply

Your email address will not be published. Required fields are marked *