ਟਰਾਂਸਪੋਰਟ ਮੰਤਰੀ ਵੱਲੋਂ ਅੰਮ੍ਰਿਤਸਰ ਅੰਤਰਰਾਜੀ ਬੱਸ ਅੱਡੇ ਉਤੇ ਅਚਨਚੇਤ ਛਾਪਾ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡੇ ਅਤੇ ਸਿਟੀ ਸੈਂਟਰ ਵਿਖੇ ਛਾਪਾ ਮਾਰਿਆ। ਇਸ ਮੌਕੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਵਿਭਾਗ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਘਾਟ ਕਾਰਨ 20 ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਜ਼ਬਤ ਕੀਤੀਆਂ, ਜਿਨ੍ਹਾਂ ਵਿੱਚ ਆਰਬਿਟ ਐਵੀਏਸ਼ਨ ਦੀ ਇੱਕ ਬੱਸ ਵੀ ਸ਼ਾਮਿਲ ਹੈ। ਸ੍ਰੀ ਰਾਜਾ ਵੜਿੰਗ ਨੇ ਸਪੱਸ਼ਟ ਸਬਦਾਂ ਵਿੱਚ ਕਿਹਾ ਕਿ ਸਰਕਾਰੀ ਟੈਕਸ ਦੀ ਚੋਰੀ, ਨਾਜਾਇਜ਼ ਚੱਲਦੀਆਂ ਬੱਸਾਂ ਅਤੇ ਬੱਸ ਮਾਫ਼ੀਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੀਤੇ ਦਿਨਾਂ ਵਿੱਚ ਕੀਤੀ ਗਈ ਸਖ਼ਤੀ ਨਾਲ ਪਨਬਸ ਅਤੇ ਪੈਪਸੂ ਨੂੰ 40 ਲੱਖ ਰੁਪਏ ਰੋਜ਼ਾਨਾ ਦਾ ਲਾਭ ਹੋਇਆ ਹੈ। ਉਨ੍ਹਾਂ ਕਿਹਾ, “ਮੇਰੀ ਕੋਸ਼ਿਸ਼ ਵਿਭਾਗ ਦੀ ਰੋਜ਼ਾਨਾ ਆਮਦਨ ਇਕ ਕਰੋੜ ਰੁਪਏ ਤੱਕ ਵਧਾਉਣ ਦੀ ਹੈ।”
ਸ੍ਰੀ ਰਾਜਾ ਵੜਿੰਗ ਨੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੀ ਟੈਕਸ ਸਬੰਧੀ ਜਾਂਚ ਪੜਤਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮੌਜੂਦਾ ਸਥਿਤੀ ਜਿਵੇਂ ਵਾਹਨ ਦੀ ਉਮਰ, ਪ੍ਰਦੂਸ਼ਣ ਪੱਧਰ ਅਤੇ ਸੁਰੱਖਿਆ ਦੇ ਲਿਹਾਜ ਨਾਲ ਵਾਹਨ ਦੀ ਛਾਣਬੀਣ ਵੀ ਲਾਜ਼ਮੀ ਤੌਰ ‘ਤੇ ਕਰਨ ਤਾਂ ਕਿ ਸੜਕਾਂ ਉਤੇ ਚੱਲਦੇ ਇਹ ਵਾਹਨ ਕਿਸੇ ਦੀ ਜਾਨ ਲਈ ਖ਼ਤਰਾ ਨਾ ਬਣਨ। ਟਰਾਂਸਪੋਰਟ ਮੰਤਰੀ ਨੇ ਬੱਸ ਅੱਡੇ ਉਤੇ ਸਫ਼ਾਈ ਦੀ ਕਮੀ ਨੂੰ ਲੈ ਕੇ ਅਧਿਕਾਰੀਆਂ ਦਾ ਖਿਚਾਈ ਕੀਤੀ ਅਤੇ ਕਈ ਥਾਵਾਂ ‘ਤੇ ਆਪ ਸਫ਼ਾਈ ਕੀਤੀ। ਰਾਜਾ ਵੜਿੰਗ ਨੇ ਦੱਸਿਆ ਕਿ 842 ਨਵੀਆਂ ਬੱਸਾਂ ਛੇਤੀ ਹੀ ਪੰਜਾਬ ਸਰਕਾਰ ਦੇ ਬੇੜੇ ਵਿਚ ਸ਼ਾਮਲ ਹੋ ਜਾਣਗੀਆਂ।

Leave a Reply

Your email address will not be published. Required fields are marked *