ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਵਿਧਾਇਕੀ ਰੱਦ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਅਯੋਗ ਕਰਾਰ ਦੇ ਦਿੱਤਾ ਹੈ। ਅਯੋਗ ਕਰਾਰ ਦੇਣ ਦੇ ਨਾਲ ਹੀ ਮਾਸਟਰ ਬਲਦੇਵ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਸਟਰ ਬਲਦੇਵ ਹਲਕਾ ਜੈਤੋਂ ਤੋਂ ਚੋਣ ਲੜਕੇ ਜੇਤੂ ਰਹੇ ਸਨ। ਇਸ ਦੌਰਾਨ ਉਨ੍ਹਾਂ ਪਾਰਟੀ ਦੀ ਦਿੱਲੀ ਇਕਾਈ ਨਾਲ ਵਿਵਾਦ ਤੋਂ ਬਾਅਦ ਸੁਖਪਾਲ ਖਹਿਰਾ ਦਾ ਸਾਥ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ। ਉਧਰ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਅਯੋਗ ਐਲਾਨਣ ਦੀ ਸ਼ਿਕਾਇਤ ਵੀ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ ਸਿੰਘ ਕੋਲ ਪੈਂਡਿੰਗ ਪਈ ਸੀ। ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਇਹ ਸ਼ਿਕਾਇਤ ਸੁਖਪਾਲ ਖਹਿਰਾ ਦੀ ਪਾਰਟੀ ਵਲੋਂ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਕੀਤੀ ਗਈ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਦਲ ਬਦਲੂ ਕਾਨੂੰਨ ਦਾ ਉਲੰਘਣ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਬਜਾਏ ਕਿਸੇ ਹੋਰ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ।