NRI ਦਰਸ਼ਨ ਸਿੰਘ ਰੱਖੜਾ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਭੇਜਿਆ

ਪਟਿਆਲਾ : ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ ਤੇ ਉੱਘੇ ਪਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਲੰਘੀ ਰਾਤ ਦਿੱਲੀ ਏਅਰਪੋਰਟ ਤੋਂ ਕਿਸਾਨੀ ਸੰਘਰਸ਼ ਦੀ ਮਦਦ ਕਰਨ ਕਾਰਨ ਅਮਰੀਕਾ ਵਾਪਸ ਭੇਜ ਦਿੱਤਾ ਗਿਆ, ਜਿਸ ਕਾਰਨ ਪੂਰੇ ਪੰਜਾਬ ਅਤੇ ਕਿਸਾਨਾਂ ਵਿਚ ਰੋਸ ਦੀ ਲਹਿਰ ਦੌੜ ਪਈ ਹੈ।
ਦੱਸਣਯੋਗ ਹੈ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਹੈ, ਉਦੋਂ ਤੋਂ ਹੀ ਸੂਬੇ ਦੇ ਕਰਤਾਰ ਸਿੰਘ ਧਾਲੀਵਾਲ ਟਰੱਸਟ ਨੇ ਦਿੱਲੀ ਵਿਖੇ ਬਕਾਇਦਾ ਤੌਰ ’ਤੇ ਕਿਸਾਨਾਂ ਲਈ ਲੰਗਰ ਅਤੇ ਰਹਿਣ ਬਸੇਰਿਆਂ ਦੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਹਨ, ਜਿਹੜੇ ਕਿ ਮੋਦੀ ਸਰਕਾਰ ਦੀਆਂ ਅੱਖਾਂ ਵਿਚ ਚੁੱਭ ਰਹੇ ਸੀ। ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਦਰਸ਼ਨ ਸਿੰਘ ਰੱਖੜਾ ਦੇ ਸਕੇ ਭਰਾ ਸੁਰਜੀਤ ਸਿੰਘ ਰੱਖੜਾ ਨੇ ਇਸ ਸਬੰਧ ’ਚ ਮੋਦੀ ਸਰਕਾਰ ਅਤੇ ਵਿਦੇਸ਼ ਮੰਤਰਾਲਾ ਨੂੰ ਪੱਤਰ ਲਿਖ ਕੇ ਰੋਸ ਜਤਾਇਆ ਹੈ।
ਆਪਣੀ ਭਤੀਜੀ ਦੇ ਵਿਆਹ ਵਿਚ ਪਤਨੀ ਨਾਲ ਆ ਰਹੇ ਸਨ ਰੱਖੜਾ
ਦਰਸ਼ਨ ਸਿੰਘ ਧਾਲੀਵਾਲ ਰੱਖੜਾ ਪਤਨੀ ਨਾਲ ਆਪਣੀ ਭਤੀਜੀ ਚਰਨਜੀਤ ਸਿੰਘ ਰੱਖੜਾ ਦੀ ਪੁੱਤਰੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆ ਰਹੇ ਸਨ। ਇਸ ਤੋਂ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਉਨ੍ਹਾਂ ਨੂੰ ਦਿੱਲੀ ਏਅਰਪੋਰਟ ’ਤੇ ਕਾਫੀ ਪਰੇਸ਼ਾਨ ਅਤੇ ਤੰਗ ਕੀਤਾ ਗਿਆ ਪਰ ਦੋ ਤਿੰਨ ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਮੋਦੀ ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਉੱਠ ਖੜ੍ਹੀ ਹੋਈ ਹੈ।