ਮੁੱਖ ਮੰਤਰੀ ਨੇ ਨਿਭਾਈ ਗੋਲਕੀਪਰ ਦੀ ਭੂਮਿਕਾ; ਪਰਗਟ ਸਿੰਘ ਬਣੇ ਹਿਟਰ

ਜਲੰਧਰ : ਇੱਥੇ ਕਟੌਚ ਸਟੇਡੀਅਮ ਵਿਖੇ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਮੁੱਖ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਖੁਦ ਗੋਲਕੀਪਰ ਦੀ ਭੂਮਿਕਾ ਨਿਭਾਈ। ਫਾਈਨਲ ਮੈਚ ਦੌਰਾਨ ਮੁੱਖ ਮੰਤਰੀ, ਜੋ ਖੁਦ ਯੂਨੀਵਰਸਿਟੀ ਪੱਧਰ ’ਤੇ ਹੈਂਡਬਾਲ ਖੇਡ ਚੁੱਕੇ ਹਨ, ਨੂੰ ਮੰਚ ਸੰਚਾਲਕ ਵੱਲੋਂ ਹਾਕੀ ਵਿੱਚ ਵੀ ਹੱਥ ਅਜ਼ਮਾਉਣ ਦੀ ਅਪੀਲ ਕੀਤੀ ਗਈ। ਮੁੱਖ ਮੰਤਰੀ ਨੇ ਵੀ ਉਨ੍ਹਾਂ ਦੀ ਅਪੀਲ ਦਾ ਹੁੰਗਾਰਾ ਭਰਦਿਆਂ ਦੇਰ ਨਾ ਕੀਤੀ ਅਤੇ ਗੋਲ ਰੋਕਣ ਲਈ ਗੋਲਕੀਪਰ ਦੀ ਵਰਦੀ ਪਾ ਮੈਦਾਨ ਵਿੱਚ ਜਾ ਡਟੇ। ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਵੀ ਆਪਣੇ ਆਗੂ ਨਾਲ ਖੇਡ ਕਲਾ ਦਿਖਾਉਣ ਲਈ ਸਟਿੱਕ ਹੱਥ ਵਿਚ ਫੜ ਲਈ।
ਜਦੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਮੈਦਾਨ ਵਿੱਚ ਨਿੱਤਰੇ ਅਤੇ ਹਾਕੀ ਦੇ ਅਖਾੜੇ ਵਿੱਚ ਸ਼ਾਨਦਾਰ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਤਾਂ ਪੂਰੇ ਸਟੇਡੀਅਮ ਨੇ ਤਾੜੀਆਂ ਮਾਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਗੋਲਕੀਪਰ ਵਜੋਂ ਮੁੱਖ ਮੰਤਰੀ ਚੰਨੀ ਨੇ ਪਰਗਟ ਸਿੰਘ ਦੁਆਰਾ ਮਾਰੀਆਂ ਕੁੱਲ ਪੰਜ ਹਿੱਟਾਂ ਵਿੱਚੋਂ ਤਿੰਨ ਦਾ ਸ਼ਾਨਦਾਰ ਬਚਾਅ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ ਓਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਓਲੰਪੀਅਨਾਂ ਦੁਆਰਾ ਮਾਰੀਆਂ ਹਿੱਟਾਂ ਨੂੰ ਰੋਕ ਕੇ ਵੀ ਗੋਲ ਹੋਣ ਤੋਂ ਬਚਾਅ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਖੇਡ ਜੀਵਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਮੁੱਖ ਮੰਤਰੀ ਨੇ ਖੇਡ ਮੈਦਾਨ ’ਚ ਬੱਚਿਆਂ ਨਾਲ ਵੀ ਖਾਸ ਪਲ ਬਿਤਾਏ ਅਤੇ ਕਿਹਾ ਕਿ ਇਹਨਾਂ ਦੇ ਖਿੜੇ ਹੋਏ ਚਿਹਰੇ ਮੇਰੇ ਲਈ ਪ੍ਰੇਰਨਾ ਦਾ ਸਰੋਤ ਹਨ।

Leave a Reply

Your email address will not be published. Required fields are marked *