ਪਾਕਿ ਹਵਾਈ ਫੌਜ ਵਿਚ ਰਾਹੁਲ ਦੇਵ ਦੀ ਜੀਡੀ ਪਾਇਲਟ ਵਜੋਂ ਹੋਈ ਚੋਣ

ਇਸਲਾਮਾਬਾਦ : ਪਾਕਿਸਤਾਨ ਹਵਾਈ ਫੌਜ ਵਿਚ ਰਾਹੁਲ ਦੇਵ ਨੂੰ ਜੀਡੀ ਪਾਇਲਟ ਵਜੋਂ ਚੁਣਿਆ ਗਿਆ ਹੈ। ਰਾਹੁਲ ਦੇਵ ਪਾਕਿਸਤਾਨ ਦੇ ਸਿੰਧ ਪ੍ਰਾਂਤ ਅਧੀਨ ਆਉਣ ਵਾਲੇ ਛੋਟੇ ਜਿਹੇ ਪਿੰਡ ਥਾਰਪਰਕਰ ਦੇ ਰਹਿਣ ਵਾਲੇ ਹਨ।
ਦੱਸ ਦਈਏ ਕਿ ਰਾਹੁਲ ਦੇਵ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ। ਜੀਡੀ ਪਾਇਲਟ ਚੁਣੇ ਜਾਣ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲ ਰਹੀਆਂ ਹਨ। ਇਸ ਦੀ ਜਾਣਕਾਰੀ ਰਫੀਕ ਅਹਿਮਦ ਖੋਖਰ ਨੇ ਟਵੀਟ ਕਰ ਕੇ ਦਿੱਤੀ ਹੈ। ਰਫੀਕ ਅਹਿਮਦ ਇਸਲਾਮਾਬਾਦ ਵਿਚ ਗ੍ਰਹਿ ਮੰਤਰਾਲੇ ਦੇ ਪ੍ਰਿੰਸੀਪਲ ਸਟਾਫ ਅਫਸਰ ਹਨ।
ਰਫੀਕ ਅਹਿਮਦ ਨੇ ਟਵੀਟ ਵਿਚ ਲਿਖਿਆ ਕਿ, ਰਾਹੁਲ ਦੇਵ ਨੂੰ ਪਾਕਿਸਤਾਨ ਏਅਰਫੋਰਸ (ਪੀਏਐਫ) ਵਿਚ ਜੀਡੀ ਪਾਇਲਟ ਚੁਣੇ ਜਾਣ ‘ਤੇ ਵਧਾਈ। ਉਹ ਸਿੰਧ ਦੇ ਇਕ ਪਿੰਡ ਥਾਰਪਰਕਰ ਦੇ ਰਹਿਣ ਵਾਲੇ ਹਨ’। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਵਿਅਕਤੀਆਂ ਦੀ ਅਜਿਹਿ ਸਫ਼ਲਤਾ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜੋ ਭਾਰਤ ਦੇ ਇੱਕ ਹਿੱਸੇ ਦੇ ਮੀਡੀਏ ਅਤੇ ਸਿਨੇਮਾ ਵੱਲੋਂ ਪਾਕਿਸਤਾਨ ਨੂੰ ਘੱਟਗਿਣਤੀ ਵਿਰੋਧੀ ਦਰਸਾਉਂਦੇ ਪ੍ਰਚਾਰ ਤੋਂ ਬਿਲਕੁਲ ਉਲਟ ਹਨ।