ਅਮਰਿੰਦਰ ਦਾ ਸਾਥ ਤਾਂ ਉਸਦੀ ਪਤਨੀ ਨੇ ਵੀ ਨਹੀਂ ਦਿੱਤਾ, ਉਹ ਇੱਕ ਫ਼ਰਾਡ ਆਦਮੀ ਤੇ ਫ਼ੇਲ੍ਹ ਮੁੱਖ ਮੰਤਰੀ : ਸਿੱਧੂ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਦੱਸਦਿਆਂ ਸਿੱਧੂ ਨੇ ਕਿਹਾ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਅੱਜ ਰੇਤ ਮਾਫੀਆ ਦੀ ਗੱਲ ਕਰ ਰਿਹਾ ਹੈ ਉਹ ਪਹਿਲਾਂ ਕਿੱਥੇ ਸੀ। ਉਸ ਨੇ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਇੰਨੇ ਤੈਸ਼ ’ਚ ਆ ਗਏ ਕਿ ਉਹ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ। ਦਰਅਸਲ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਕਿ ਕੈਪਟਨ ਤੁਹਾਡੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਵੇਗਾ।
ਸਿੱਧੂ ਨੇ ਕਿਹਾ ਕਿ ਕੈਪਟਨ ਮੇਰੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਰਿਹਾ ਹੈ ਪਰ ਉਸ ਦਾ ਸਾਥ ਤਾਂ ਉਸ ਦੀ ਪਤਨੀ ਨੇ ਵੀ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨਾਲ ਇਕ ਕੌਂਸਲਰ ਤਕ ਵੀ ਨਾਲ ਨਹੀਂ ਖੜ੍ਹਾ ਹੋਇਆ। ਹੁਣ ਕੈਪਟਨ ਦੇ ਪੱਲੇ ਕੱਖ ਨਹੀਂ ਹੈ ਅਤੇ ਕੈਪਟਨ ਇਕ ਫਰੌਡ ਆਦਮੀ ਹੈ ਅਤੇ ਇਕ ਫੇਲ ਮੁੱਖ ਮੰਤਰੀ ਨੂੰ ਬਦਲਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਪਹਿਲਾਂ ਕੁਰਸੀ ਦੇਖੀ ਅਤੇ ਨਾ ਹੁਣ। ਰੇਤ ਮਾਫੀਆ ਅਤੇ ਸ਼ਰਾਬ ਮਾਫੀਆ ਬਾਰੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੇ ਕੈਪਟਨ ਜਾਣਦਾ ਸੀ ਕਿ ਇਹ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਨਾਲ ਰਲੇ ਹੋਏ ਹਨ ਤਾਂ ਕਿਉਂ ਉਸ ਨੇ ਕਾਰਵਾਈ ਨਹੀਂ ਕੀਤੀ।
ਸਿੱਧੂ ਨੇ ਕਿਹਾ ਕਿ ਇਹ ਚੋਰ ਇਕੱਠੇ ਹੋਏ ਹਨ ਅਤੇ ਗੱਲਾਂ ਸਾਧਾਂ ਵਾਲੀਆਂ ਕਰਦੇ ਹਨ। ਹੁਣ ਕੈਪਟਨ ਕਹਿੰਦਾ ਹੈ ਕਿ ਮੈਂ ਪਾਰਟੀ ਨੂੰ ਨੁਕਸਾਨ ਨਾ ਹੋਵੇ ਇਸ ਲਈ ਕਾਰਵਾਈ ਨਹੀਂ ਕੀਤੀ। ਮੈਂ ਤਾਂ ਉਦੋਂ ਵੀ ਕਹਿੰਦਾ ਸੀ ਪਰ ਬੰਦੇ ਉਨ੍ਹਾਂ ਦੇ ਸਨ। ਰੇਤ ਮਾਫੀਆ ਦੇ ਨਾਲ ਨਾਲ ਟਰਾਂਸਪੋਰਟ ਮਾਫੀਆ ਭਾਰੂ ਸੀ।