ਭਗਵੰਤ ਮਾਨ ਦੇ ਹੱਕ ’ਚ ਨਿੱਤਰੀ ਵਿਧਾਇਕ ਰੂਬੀ, ‘ਆਪ’ ਨੂੰ ਦਿੱਤੀ ਚਿਤਾਵਨੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਜੇਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕੀਤਾ ਗਿਆ ਤਾਂ ਪਾਰਟੀ ਨੂੰ ਆਗਾਮੀ ਚੋਣਾਂ ’ਚ ਨੁਕਸਾਨ ਹੋ ਸਕਦਾ ਹੈ ਅਤੇ ਸਰਕਾਰ ਬਣਾਉਣੀ ਮੁਸ਼ਕਲ ਹੋ ਸਕਦੀ ਹੈ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤ ਵਿਧਾਨ ਸਭਾ ਸੀਟ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਦਾ। ਰੂਬੀ ਨੇ ਇਹ ਵੀ ਕਿਹਾ ਕਿ ਉਹ ਭਗਵੰਤ ਮਾਨ ਦੇ ਨਾਲ ਹੈ ਅਤੇ ਜੇਕਰ ਭਗਵੰਤ ਆਮ ਆਦਮੀ ਪਾਰਟੀ ’ਚ ਰਹਿਣਗੇ ਤਾਂ ਉਹ ਵੀ ਰਹੇਗੀ।

ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਪਾਰਟੀ ਦੀ ਲੀਡਰਸ਼ਿਪ 2017 ਵਾਲੀ ਗਲਤੀਆਂ ਕਿਉਂ ਦੋਹਰਾ ਰਹੀ ਹੈ, ਜਦੋਂਕਿ ਉਨ੍ਹਾਂ ਗਲਤੀਆਂ ਤੋਂ ਸਬਕ ਲੈ ਕੇ ਇਸ ਵਾਰ ਬਿਹਤਰ ਪਰਫਾਰਮੈਂਸ ਵਿਖਾਈ ਜਾ ਸਕਦੀ ਹੈ। ਰੂਬੀ ਨੇ ਕਿਹਾ ਕਿ ਰਾਜ ’ਚ ਆਮ ਆਦਮੀ ਪਾਰਟੀ ਨਾਲ ਜੁੜਿਆ ਹਰ ਵਾਲੰਟੀਅਰ ਇਹੀ ਚਾਹੁੰਦਾ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਹੀ 2022 ਦੀ ਚੋਣ ਲੜੀ ਜਾਵੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਪਾਰਟੀ ਨੂੰ ਨੁਕਸਾਨ ਹੋਣਾ ਯਕੀਨੀ ਹੈ ਅਤੇ ਉਸ ਤੋਂ ਬਾਅਦ ਕਿਸੇ ਗੱਲ ਦਾ ਚਿੰਤਨ ਕਰਨਾ ਕੋਈ ਮਾਅਨੇ ਨਹੀਂ ਰੱਖੇਗਾ।

ਇਕ ਸਵਾਲ ਦੇ ਜਵਾਬ ’ਚ ਵਿਧਾਇਕ ਰੂਬੀ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ, ਜੇਕਰ ਛੇਤੀ ਫ਼ੈਸਲਾ ਨਹੀਂ ਲਿਆ ਗਿਆ ਅਤੇ ਪਾਰਟੀ ਦੇ ਵਾਲੰਟੀਅਰਾਂ ਨੂੰ ਭਗਵੰਤ ਮਾਨ ਦਾ ਚਿਹਰਾ ਨਾ ਮਿਲਿਆ ਤਾਂ ਚੋਣਾਂ ’ਚ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਵਾਲੰਟੀਅਰ ਨਿਰਾਸ਼ ਹੋ ਕੇ ਘਰਾਂ ’ਚ ਬੈਠ ਗਏ ਹਨ। ਇਕ ਹੋਰ ਸਵਾਲ ਦੇ ਜਵਾਬ ’ਚ ਰੂਬੀ ਨੇ ਕਿਹਾ ਕਿ ਰਾਸ਼ਟਰੀ ਕਨਵੀਨਰ ਦੇ ਪੰਜਾਬ ਦੌਰੇ ਸਮੇਂ ਭਗਵੰਤ ਮਾਨ ਨੂੰ ਆਉਣਾ ਹੀ ਪੈਂਦਾ ਹੈ ਪਰ ਉਸ ਤੋਂ ਇਲਾਵਾ ਤਾਂ ਉਹ ਵੀ ਘਰ ’ਤੇ ਹੀ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਸਾਰਿਆ ਨੂੰ ਪਤਾ ਹੈ ਕਿ ਪਾਰਟੀ ਦੇ ਹੀ ਇਕ ਵਿਧਾਇਕ ਭਗਵੰਤ ਮਾਨ ਨੂੰ ਸੀ.ਐੱਮ. ਚਿਹਰਾ ਐਲਾਨ ਕਰਨ ’ਚ ਰੋੜੇ ਅਟਕਾ ਰਹੇ ਹਨ, ਜਦੋਂ ਕਿ ਉਕਤ ਵਿਧਾਇਕ ਦੇ ਚਿਹਰੇ ’ਤੇ ਕਿਸੇ ਨੇ ਵੋਟ ਨਹੀਂ ਪਾਉਣੀ। ਪਾਰਟੀ ’ਚ ਭਵਿੱਖ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਭਗਵੰਤ ਮਾਨ ਦੇ ਨਾਲ ਹੈ

Leave a Reply

Your email address will not be published. Required fields are marked *