ਚੀਨ ਨੇ ਭਾਰਤ ਨਾਲ ਲਗਦੀ ਸਰਹੱਦ ’ਤੇ ਠੰਢ ਨਾਲ ਸਿੱਝਣ ਦੀ ਤਿਆਰੀ ਵਿੱਢੀ

ਨਵੀਂ ਦਿੱਲੀ: ਭਾਰਤ ਨਾਲ ਲਗਦੀ ਸਰਹੱਦ ’ਤੇ ਤਾਇਨਾਤ ਚੀਨੀ ਫ਼ੌਜ ਨੇ ਆਉਂਦੇ ਸਰਦੀਆਂ ਦੇ ਮੌਸਮ ਨਾਲ ਸਿੱਝਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਤੇ ਜਵਾਨਾਂ ਦੇ ਕੰਮ ਕਰਨ ਦੇ ਹਾਲਾਤ ’ਚ ਸੁਧਾਰ ਲਈ ਉਠਾਏ ਗਏ ਕਦਮਾਂ ਦਾ ਪਹਿਲੀ ਵਾਰ ਖੁਲਾਸਾ ਕੀਤਾ ਗਿਆ ਹੈ। ਗਲੋਬਲ ਟਾਈਮਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਦੀਆਂ ’ਚ ਵੱਡੇ ਪੱਧਰ ’ਤੇ ਟਕਰਾਅ ਹੋਣਾ ਮੁਸ਼ਕਲ ਹੈ ਪਰ ਸਮੇਂ ਸਮੇਂ ’ਤੇ ਕੁਝ ਝੜਪਾਂ ਹੋ ਸਕਦੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਚੀਨ ਨੇ ਆਪਣੇ ਜਵਾਨਾਂ ਨੂੰ ਉਥੇ ਹੀ ਅਹਿਮ ਸਹੂਲਤਾਂ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ। ਰਿਪੋਰਟ ’ਚ ਭਾਰਤੀ ਮੀਡੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤੀ ਜਵਾਨਾਂ ਨੂੰ ਜ਼ੋਰਦਾਰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਤਾਇਨਾਤੀ ਲਈ ਵੱਡੇ ਪੱਧਰ ’ਤੇ ਖ਼ਰਚਾ ਕਰਨਾ ਪਵੇਗਾ। ਮਾਹਿਰਾਂ ਨੇ ਕਿਹਾ ਹੈ ਕਿ ਭਾਰਤੀ ਫ਼ੌਜੀਆਂ ਨੂੰ ਸਾਜ਼ੋ ਸਾਮਾਨ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਸਰਹੱਦ ’ਤੇ ਤਾਇਨਾਤ ਜਵਾਨਾਂ ਲਈ ਸਮੱਸਿਆ ਰਹੀ ਹੈ। ਗਲੋਬਲ ਟਾਈਮਜ਼ ਨੂੰ ਦੱਖਣ-ਪੱਛਮੀ ਚੀਨ ਦੇ ਸ਼ੀਜ਼ਾਂਗ ਖੁਦਮੁਖਤਿਆਰ ਖ਼ਿੱਤੇ ’ਚ ਸਰਹੱਦ ’ਤੇ ਤਾਇਨਾਤ ਕਮਾਂਡਰਾਂ ਤੋਂ ਪਤਾ ਲੱਗਾ ਹੈ ਕਿ ਬਰਫ਼ ਕਾਰਨ ਜਦੋਂ ਪਹਾੜਾਂ ’ਤੇ ਸੜਕਾਂ ਬੰਦ ਹੋ ਜਾਂਦੀਆਂ ਹਨ ਤਾਂ ਪੀਪਲਜ਼ ਲਿਬਰੇਸ਼ਨ ਆਰਮੀ ਆਪਣੇ ਜਵਾਨਾਂ ਨੂੰ ਸਹਾਇਤਾ ਪਹੁੰਚਾਉਂਦੀ ਹੈ। ਸਰਹੱਦੀ ਸੁਰੱਖਿਆ ਲਈ ਨਵੀਂ ਤਕਨਾਲੋਜੀ ਅਤੇ ਕਾਢਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਆਕਸੀਜਨ ਦੀ ਘਾਟ ਨਾਲ ਸਿੱਝਣ ਲਈ ਪੋਰਟੇਬਲ ਆਕਸੀਜਨਰੇਟਰਜ਼, ਆਕਸੀਜਨ ਚੈਂਬਰਾਂ ਅਤੇ ਆਕਸੀਜਨ ਸਪਲਾਈ ਉਪਕਰਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉੱਚੀ ਚੋਟੀਆਂ ’ਤੇ ਬੈਰਕਾਂ ਨੂੰ ਗਰਮ ਰੱਖਣ ਲਈ ਕੋਇਲੇ, ਬਿਜਲੀ ਅਤੇ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਕਮਾਂਡਰ ਨੇ ਦੱਸਿਆ ਕਿ ਸਾਰੀਆਂ ਚੌਕੀਆਂ ਗਰਿੱਡ ਨਾਲ ਜੋੜੀਆਂ ਗਈਆਂ ਹਨ ਅਤੇ ਹੋਰ ਸਪਲਾਈ ਲਈ ਰੋਪਵੇਅ ਬਣਾਏ ਗਏ ਹਨ। 

Leave a Reply

Your email address will not be published. Required fields are marked *