ਬਾਦਲਾਂ ਦੀ ਮਲਕੀਅਤ ਵਾਲੇ 31 ਇੰਟੈਗਰਲ ਕੋਚ ਪਰਮਿਟ ਰੱਦ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਟੈਕਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ 31 ਸਮੇਤ 131 ਬੱਸ ਪਰਮਿਟ ਰੱਦ ਕਰ ਦਿੱਤੇ ਹਨ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਅਪਰਾਧੀਆਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਸਿਸਟਮ ਨੂੰ ਧੋਖਾ ਦੇਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਰਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਮੋਟਰ ਵਹੀਕਲ ਐਕਟ, 1988 ਦੀ ਧਾਰਾ 103 ਵਿੱਚ ਦਰਜ ਉਪਬੰਧਾਂ ਦੀ ਪਾਲਣਾ ਵਿੱਚ ਕੀਤੀ ਗਈ ਹੈ।
ਰਾਜ ਵਿੱਚ ਪਾਰਦਰਸ਼ੀ ਅਤੇ ਉੱਚ ਪੱਧਰੀ ਟਰਾਂਸਪੋਰਟ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਰਾਜਾ ਵੜਿੰਗ ਨੇ ਵਿਭਾਗ ਨੂੰ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਚੌਕਸੀ ਹੋਰ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਆਰਟੀਏ ਬਠਿੰਡਾ ਅਥਾਰਟੀ ਵੱਲੋਂ ਟੈਕਸ ਡਿਫਾਲਟ ਹੋਣ ਕਾਰਨ ਬਾਦਲਾਂ ਨਾਲ ਸਬੰਧਤ 31 ਇੰਟੈਗਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫਤਿਹ ਟਰੈਵਲਜ਼ ਦੀ ਮਲਕੀਅਤ ਵਾਲੇ ਇੱਕ ਪਰਮਿਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਕ ਬੁਲਾਰੇ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਮਨਦੀਪ ਟਰੈਵਲਜ਼ ਦੇ ਹੋਰ 16 ਆਮ ਪਰਮਿਟ ਰੱਦ ਕਰ ਦਿੱਤੇ ਗਏ ਹਨ। ਇਸ ਸਾਲ ਜਨਵਰੀ ਤੋਂ ਨਿਊ ਫਤਿਹ ਬੱਸ ਸੇਵਾ ਦੇ ਵਿਰੁੱਧ ਟੈਕਸ ਦੇਣਦਾਰੀ ਬਕਾਇਆ ਹੈ, ਜਦੋਂ ਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮਾਰਚ ਦੇ ਮਹੀਨਿਆਂ ਤੋਂ ਅਕਤੂਬਰ, 2021 ਤੱਕ ਟੈਕਸ ਜਮ੍ਹਾ ਕਰਨ ਵਿੱਚ ਦੇਰੀ ਲਈ ਕਾਰਵਾਈ ਕੀਤੀ ਗਈ ਹੈ।
ਇਸੇ ਤਰ੍ਹਾਂ ਦੀ ਕਾਰਵਾਈ ਕਰਦਿਆਂ, ਆਰ.ਟੀ.ਏ. ਫਰੀਦਕੋਟ ਨੇ 2 ਕਰੋੜ 62 ਲੱਖ ਰੁਪਏ ਦੀ ਟੈਕਸ ਰਾਸ਼ੀ ਦੇ 3 ਇੰਟੈਗਰਲ ਕੋਚ ਪਰਮਿਟਾਂ ਤੋਂ ਇਲਾਵਾ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਲਵਾ ਬੱਸ ਸੇਵਾ ਦੇ 2 ਆਮ ਬੱਸ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *