ਪੋਸਟਮਾਰਟਮ ਰਿਪੋਰਟ ’ਚ ਤੇਜ਼ਧਾਰ ਸੱਟਾਂ ਦੀ ਪੁਸ਼ਟੀ

ਨਵਾਂਸ਼ਹਿਰ : ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਦੀ ਪੋਸਟਮਾਰਟਮ ਰਿਪੋਰਟ ਨੇ ਪੁਲੀਸ ਦੀ ਭੂਮਿਕਾ ’ਤੇ ਅਹਿਮ ਸਵਾਲ ਖੜ੍ਹੇ ਕਰਦਿਆਂ ਮ੍ਰਿਤਕ ਦੇ ਸਰੀਰ ’ਤੇ 14 ਤੇਜ਼ਧਾਰ ਕੱਟਾਂ ਦੀ ਪੁਸ਼ਟੀ ਕੀਤੀ ਹੈ।
ਪੱਤਰਕਾਰ ਸਨਪ੍ਰੀਤ ਦੀ 10 ਮਈ ਨੂੰ ਪਿੰਡ ਗੜ੍ਹੀ ਨਜ਼ਦੀਕ ਰਾਹੋਂ-ਮਾਛੀਵਾੜਾ ਸੜਕ ’ਤੇ ਦੇਰ ਰਾਤ ਹੋਈ ਮੌਤ ਤੋਂ ਬਾਅਦ ਪੁਲੀਸ ਥਾਣਾ ਰਾਹੋਂ ਨੇ ਧਾਰਾ-279 ਤੇ 304-ਏ ਤਹਿਤ ਮਾਮਲਾ ਦਰਜ ਕਰ ਲਿਆ ਸੀ, ਜੋ ਅੱਜ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਡਾਕਟਰਾਂ ਨੇ ਰਿਪੋਰਟ ਵਿਚ ਸਪੱਸ਼ਟ ਆਖਿਆ ਹੈ ਕਿ ਮ੍ਰਿਤਕ ਦੇ ਸਰੀਰ ’ਤੇ 14 ਤੇਜ਼ਧਾਰ ਕੱਟਾਂ ਦੇ ਨਿਸ਼ਾਨ ਹਨ, ਜੋ ਉਸ ਦੀ ਮੌਤ ਦਾ ਕਾਰਨ ਬਣੇ ਹਨ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰ, ਪ੍ਰੈੱਸ ਕਲੱਬ ਨਵਾਂਸ਼ਹਿਰ ਅਤੇ ਜਮਹੂਰੀ ਅਧਿਕਾਰ ਸਭਾ ਵੀ ਸਨਪ੍ਰੀਤ ਦੀ ਮੌਤ ਨੂੰ ਲੈ ਕੇ ਪੁਲੀਸ ਨੂੰ ਗੰਭੀਰਤਾ ਨਾਲ ਜਾਂਚ ਕਰਨ, ਉਸ ਵੱਲੋਂ ਖਣਨ ਮਾਫ਼ੀਆ ਅਤੇ ਡਰੱਗ ਮਾਫ਼ੀਆ ਖ਼ਿਲਾਫ਼ ਉਠਾਏ ਗਏ ਮੁੱਦਿਆਂ ਤੇ ਕੀਤੇ ਗਏ ਪ੍ਰਗਟਾਵੇ ਨੂੰ ਧਿਆਨ ਵਿਚ ਰੱਖਦੇ ਹੋਏ ਜਾਂਚ ਕਰਨ ਲਈ ਆਖ ਚੁੱਕਾ ਹੈ। ਇਹ ਸੰਸਥਾਵਾਂ ਅਤੇ ਪਰਿਵਾਰਕ ਮੈਂਬਰ ਪਹਿਲਾਂ ਤੋਂ ਹੀ ਮੰਗ ਕਰ ਰਹੇ ਸਨ ਕਿ ਸਨਪ੍ਰੀਤ ਦੀ ਮੌਤ ਸੜਕ ਹਾਦਸੇ ਦੌਰਾਨ ਨਹੀਂ ਹੋਈ ਬਲਕਿ ਇਹ ਕਤਲ ਦਾ ਮਾਮਲਾ ਹੈ ਤੇ ਪੁਲੀਸ ਇਸ ਨੂੰ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਕਰੇ।