ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤੇ ਇਹ ਬਦਲਾਅ

ਬ੍ਰਿਸਬੇਨ: ਆਸਟ੍ਰੇਲੀਆਈ ਸਰਕਾਰ ਪੂਰੀ ਤਰ੍ਹਾਂ ਕੋਵਿਡ-19 ਟੀਕਾਕਰਨ ਵਾਲੇ ਯਾਤਰੀਆਂ ਲਈ ਦੇਸ਼ ਵਿਚ ਦਾਖ਼ਲ ਹੋਣਾ ਆਸਾਨ ਅਤੇ ਸਸਤਾ ਬਣਾ ਰਹੀ ਹੈ। ਵਿਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਹੁਣ ਦੇਸ਼ ਵਿਚ ਦਾਖ਼ਲ ਹੋਣ ਲਈ ਨੈਗੇਟਿਵ ਪੀ. ਸੀ. ਆਰ. ਟੈਸਟ ਦਾ ਨਤੀਜਾ ਦੇਣ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਰਵਾਨਗੀ ਦੇ 24 ਘੰਟਿਆਂ ਦੇ ਅੰਦਰ ਇਕ ਨਕਾਰਾਤਮਕ ਰੈਪਿਡ ਐਂਟੀਜਨ ਟੈਸਟ ਕਰਵਾਉਣ ਦਾ ਵਿਕਲਪ ਹੋਵੇਗਾ।
ਸਰਕਾਰ ਵਲੋਂ ਇਕ ਹੋਰ ਬਦਲਾਅ ਕਰਦਿਆਂ ਹੁਣ ਸਕਾਰਾਤਮਕ ਟੈਸਟ ਤੋਂ 7 ਦਿਨਾਂ ਬਾਅਦ ਵਿਦੇਸ਼ਾਂ ਤੋਂ ਲੋਕਾਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਵੇਂ ਨਿਯਮ 23 ਜਨਵਰੀ ਐਤਵਾਰ ਸਵੇਰ 1 ਵਜੇ ਤੋਂ ਲਾਗੂ ਹੋਣਗੇ। ਸਿਹਤ ਮੰਤਰੀ ਗ੍ਰੇਗ ਹੰਟ ਨੇ ਇਕ ਬਿਆਨ ਵਿਚ ਕਿਹਾ, ‘ਜਦੋਂ ਕਿ ਮਿਆਰੀ ਪੀ.ਸੀ.ਆਰ. ਟੈਸਟ ਬਣੇ ਰਹਿਣਗੇ ਪਰ 24 ਘੰਟਿਆਂ ਦੇ ਅੰਦਰ ਇਕ ਰੈਪਿਡ ਐਂਟੀਜੇਨ ਟੈਸਟ ਸਵੀਕਾਰਯੋਗ ਹੋਵੇਗਾ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਰੈਪਿਡ ਐਂਟੀਜੇਨ ਟੈਸਟ ਡਾਇਗਨੌਸਟਿਕ ਉਦੇਸ਼ਾਂ ਲਈ ਹੋਵੇਗਾ, ਕੀ ਯਾਤਰੀ ਨੂੰ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਕੋਵਿਡ-19 ਹੈ ਜਾਂ ਨਹੀਂ।’
ਇਹ ਕਦਮ ਦੱਖਣੀ ਆਸਟ੍ਰੇਲੀਆ, ਕੁਈਨਜ਼ਲੈਂਡ ਅਤੇ ਤਸਮਾਨੀਆ ਸਮੇਤ ਕਈ ਰਾਜਾਂ ਵੱਲੋਂ ਅੰਤਰਰਾਜੀ ਯਾਤਰਾ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਨੂੰ ਕੋਵਿਡ-19 ਟੈਸਟਿੰਗ ਦੇ ਨਿਯਮਾਂ ‘ਚ ਢਿੱਲ ਦੇਣ ਦੇ ਫ਼ੈਸਲੇ ਤੋਂ ਬਾਅਦ ਲਿਆ ਗਿਆ ਹੈ। ਅੰਤਰਰਾਸ਼ਟਰੀ ਯਾਤਰੀ ਨਿਯਮਾਂ ਵਿਚ ਇਕ ਹੋਰ ਤਬਦੀਲੀ ਕਰਦਿਆਂ ਵਿਦੇਸ਼ਾਂ ਵਿਚ ਰਹਿੰਦੇ ਹੋਏ ਕੋਵਿਡ-19 ਪਾਜ਼ੇਟਿਵ ਲੋਕਾਂ ਨੂੰ ਮੌਜੂਦਾ 14 ਦਿਨਾਂ ਤੋਂ ਘਟਾ ਕੇ, ਸਕਾਰਾਤਮਕ ਟੈਸਟ ਤੋਂ 7 ਦਿਨਾਂ ਬਾਅਦ ਦੇਸ਼ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨਾਲ ਵਿਦੇਸ਼ਾਂ ਤੋ ਪਰਤਣ ਵਾਲੇ ਯਾਤਰੀਆਂ ਲਈ ਨਵੀਂ ਘਰੇਲੂ ਇਕਾਂਤਵਾਸ ਦੀ ਸਹੂਲਤ ਨਾਲ ਆਸਟ੍ਰੇਲੀਆ ਵਾਪਸ ਆਉਣ ਦਾ ਇੰਤਜ਼ਾਰ ਦਾ ਸਮਾਂ ਘੱਟ ਜਾਵੇਗਾ। ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ ਵਿਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।