MP ਬਰੈਡ ਵਿਸ ਵਲੋਂ ਸੰਸਦ ‘ਚ ਉਠਾਈ ਜਾਵੇਗੀ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ

ਟੋਰਾਂਟੋ: ਕੈਨੇਡਾ ਦੇ ਬ੍ਰਿਟਿਸ ਕੋਲੰਬੀਆ ਸੂਬੇ ਤੋਂ ਸੰਸਦ ਮੈਂਬਰ ਬਰੈਡ ਵਿਸ ਵਲੋਂ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਸੰਬੰਧੀ ਪਾਰਲੀਮੈਂਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਪਾਂਸਰ ਕਰਨ ਅਤੇ ਸਿੱਧੀਆਂ ਉਡਾਣਾਂ ਦੀ ਸਰਗਰਮੀ ਨਾਲ ਵਕਾਲਤ ਕਰਨ ‘ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਕੈਨੇਡਾ ਵਾਸੀ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਯੂ. ਐਸ਼. ਏ ) ਨੇ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾਂ ਬਾਰੇ ਪ੍ਰਵਾਸੀ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੰਬੰਧੀ ਬ੍ਰਿਟਿਸ ਕੋਲੰਬੀਆਂ ਸੂਬੇ ਦੇ ਸ਼ਹਿਰ ਸਰੀ ਦੇ ਵਸਨੀਕ ਅਤੇ ਫਲਾਈ ਅੰਮ੍ਰਿਤਸਰ ਦੇ ਕੈਨੇਡਾ ਤੋਂ ਬੁਲਾਰੇ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਇਕ ਈ-ਪਟੀਸ਼ਨ ਸ਼ੁਰੂ ਕੀਤੀ ਗਈ ਸੀ।ਇਸ ਲਈ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ ਹਲਕੇ ਦੀ ਨੁਮਾਇੰਦਗੀ ਕਰਦੇ ਐਮ.ਪੀ. ਬਰੈਡ ਵਿਸ ਨੂੰ ਸਮਰਥਨ ਦੇਣ ਲਈ ਪਹੁੰਚ ਕੀਤੀ ਸੀ। ਇਸ ਉਪਰੰਤ ਇਹ ਪਟੀਸ਼ਨ ਹੁਣ 11 ਫਰਵਰੀ ਤੱਕ ਪਾਰਲੀਮੈਂਟ ਦੀ ਵੈਬਸਾਈਟ ‘ਤੇ ਕੈਨੇਡਾ ਨਿਵਾਸੀਆਂ ਦੇ ਦਸਤਖ਼ਤ ਕਰਨ ਲਈ ਖੁੱਲ੍ਹੀ ਰਹੇਗੀ ਅਤੇ ਹੁਣ ਤੱਕ ਇਸ ‘ਤੇ 6500 ਤੋਂ ਵੱਧ ਦਸਤਖ਼ਤ ਵੀ ਕੀਤੇ ਜਾ ਚੁੱਕੇ ਹਨ। ਐੱਮ.ਪੀ. ਬ੍ਰੈਡ ਵਿਸ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਵੀ ਕਿਹਾ ਹੈ ਕਿ “ਮੇਰੇ ਹਲਕੇ ਅਤੇ ਪੂਰੇ ਬੀ.ਸੀ. ਸੂਬੇ ਵਿੱਚ ਬਹੁਤ ਸਾਰੇ ਵਾਸੀਆਂ ਦੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਪਰਿਵਾਰਕ ਸਬੰਧ ਹਨ ਜਿਸ ਕਾਰਨ ਉਹ ਅਕਸਰ ਹਵਾਈ ਸਫ਼ਰ ਕਰਦੇ ਹਨ। ਸਾਲਾਂ ਤੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੈਨਕੂਵਰ ਜਾਂ ਐਬਟਸਫੋਰਡ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਅਜੇ ਵੀ ਮੌਜੂਦ ਨਹੀਂ ਹੈ। ਮੈਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਹਾਊਸ ਆਫ ਕਾਮਨਜ਼ ਈ-ਪਟੀਸ਼ਨ ਦਾ ਸਮਰਥਨ ਕਰਨ ‘ਤੇ ਮਾਣ ਹੈ, ਜਿਸ ਵਿੱਚ ਕੈਨੇਡਾ ਸਰਕਾਰ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਵਿਕਲਪਾਂ ਦੀ ਖੋਜ ਕਰਨ ਲਈ ਕਿਹਾ ਗਿਆ ਹੈ।

ਇਸ ਪਟੀਸ਼ਨ ਨੂੰ ਦਾਇਰ ਕਰਨ ਸੰਬੰਧੀ ਮੋਹਿਤ ਧੰਜੂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਪਟੀਸ਼ਨ ‘ਤੇ ਕੈਨੇਡਾ ਦੇ ਪੰਜਾਬੀਆਂ ਤੋਂ ਵੱਡੇ ਪੱਧਰ ‘ਤੇ ਸਮਰਥਨ ਦੀ ਉਮੀਦ ਹੈ ਕਿਉਂਕਿ ਲੋਕ ਦਿੱਲੀ ਰਾਹੀਂ ਲੰਬੀ ਯਾਤਰਾ ਦੀਆਂ ਮੁਸ਼ਕਲਾਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ “ਹਾਊਸ ਆਫ ਕਾਮਨਜ਼” ਵਿੱਚ ਪਾਈਆਂ ਈ-ਪਟੀਸ਼ਨਾਂ ਕਿਸੇ ਵੀ ਹਲਕੇ ਦੇ ਲੋਕਾਂ ਲਈ ਆਪਣੇ ਮੁੱਦੇ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਇੱਕ ਵਧੀਆ ਸਾਧਨ ਹਨ। ਇਸ ਪਟੀਸ਼ਨ ‘ਤੇ ਕਿਸੇ ਵੀ ਕੈਨੇਡੀਅਨ ਨਾਗਰਿਕ ਜਾਂ ਨਿਵਾਸੀ ਦੁਆਰਾ ਦਸਤਖਤ ਕੀਤੇ ਜਾ ਸਕਦੇ ਹਨ, ਚਾਹੇ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ। ਪਟੀਸ਼ਨ ‘ਤੇ 500 ਤੋਂ ਵੱਧ ਸਾਈਨ ਹੋਣ ਉਪਰੰਤ ਇਸ ਨੂੰ ਕੈਨੇਡਾ ਦੀ ਸੰਸਦ ਵਿੱਚ ਐਮ.ਪੀ. ਵੱਲੋਂ ਪੇਸ਼ ਕੀਤਾ ਜਾਂਦਾ ਹੈ ਜਿਸ ਦਾ ਫਿਰ ਸਰਕਾਰ ਵਲੋਂ ਜਵਾਬ ਵੀ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *